ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 7 ਜੁਲਾਈ
ਝੋਨੇ ਦੀ ਲੁਆਈ ਦਾ ਕੰਮ ਸਿਖਰਾਂ ’ਤੇ ਪਹੁੰਚ ਗਿਆ ਹੈ ਪਰ ਦੂਜੇ ਪਾਸੇ ਕਿਸਾਨ ਨਹਿਰਾਂ ’ਚ ਪਾਣੀ ਨਾ ਆਉਣ ਕਾਰਨ ਸਰਕਾਰ ਨੂੰ ਕੋਸ ਰਹੇ ਹਨ। ਨਹਿਰੀ ਪਾਣੀ ਬਚਾਓ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਕਿਸਾਨ ਆਗੂ ਗੁਰਵਿੰਦਰ ਸਿੰਘ ਮੰਨੇਵਾਲਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ ਤੇ ਆਪਣੇ ਵੱਲੋਂ ਕਹੀ ਕਿਸੇ ਵੀ ਗੱਲ ’ਤੇ ਪੂਰਾ ਨਹੀਂ ਉਤਰ ਰਹੀ। ਗੁਰਵਿੰਦਰ ਸਿੰਘ ਮੰਨੇਵਾਲਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸਾਨ 10 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਤੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਝੋਨੇ ਦੀ ਲਵਾਈ ਸ਼ੁਰੂ ਹੋਈ ਨੂੰ ਇੱਕ ਮਹੀਨਾ ਹੋਣ ਵਾਲਾ ਹੈ ਪਰ ਕਿਸੇ ਵੀ ਟੈਲ ’ਤੇ ਪਾਣੀ ਨਹੀਂ ਪਹੁੰਚਿਆ। ਕਿਸਾਨਾਂ ਨੇ ਦੱਸਿਆ ਕਿ ਨਿਜਾਮਵਾਹ ਡਿਸਟ੍ਰੀਬਿਊਟਰ, ਫੈਜਵਾਹ, ਬਰਕਤਵਾਹ, ਨਿਧਾਨਾ ਮਾਇਨਰ, ਜਲਾਲਾਬਾਦ ਬ੍ਰਾਂਚ ਲਾਧੂਕਾ ਮੇਨ ਬ੍ਰਾਂਚ ਹੋਰ ਵੀ ਨਹਿਰਾਂ ਜਲਾਲਾਬਾਦ ਫਾਜਿਲਕਾ ਦੇ ਖੇਤਾਂ ਨੂੰ ਪਾਣੀ ਦਿੰਦੀਆਂ ਹਨ ਪਰ ਇਨ੍ਹਾਂ ਨਹਿਰਾਂ ਦੀਆਂ ਟੇਲਾ ਤੱਕ ਪਾਣੀ ਨਹੀਂ ਪਹੁੰਚ ਰਿਹਾ। ਜਿਸ ਕਾਰਨ ਕਿਸਾਨਾਂ ਨੂੰ ਝੋਨੇ ਦੀ ਬਿਜਾਈ ਕਰਨ ’ਚ ਬਹੁਤ ਦਿੱਕਤ ਆ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀਆਂ ਨਹਿਰਾਂ ਸਾਰੀਆਂ ਹੀ ਛਿਮਾਹੀਆਂ ਹਨ ਇਨ੍ਹਾਂ ’ਚ ਸਿਰਫ ਝੋਨੇ ਦੇ ਸੀਜ਼ਨ ’ਚ ਦੋ ਮਹੀਨੇ ਪਾਣੀ ਛੱਡਿਆ ਜਾਂਦਾ ਹੈ। ਵਾਰ-ਵਾਰ ਨਹਿਰਾਂ ਦੀ ਬੰਦੀ ਕਰ ਦਿੱਤੀ ਜਾਂਦੀ ਹੈ। ਜਿਸ ਕਾਰਨ ਕਿਸਾਨ ਧਰਤੀ ਹੇਠਲਾ ਪਾਣੀ ਕੱਢਣ ਲਈ ਮਜਬੂਰ ਹਨ।
ਕਿਸਾਨਾਂ ਨੇ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਸਾਨਾਂ ਨੂੰ ਕਿਹਾ ਕਿ ਜੇ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਨਾ ਦਿੱਤਾ ਗਿਆ ਤਾਂ ਕਿਸਾਨ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ। ਜਿਸਦੀ ਸਾਰੀ ਜ਼ਿੰਮੇਵਾਰੀ ਨਹਿਰੀ ਵਿਭਾਗ ਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੇ ਮੁਜ਼ਾਹਰੇ ’ਚ ਕਿਸਾਨ, ਸ਼ੇਰ ਸਿੰਘ ਚੱਕ ਸੈਦੋਕਾ, ਬਲਵਿੰਦਰ ਸਿੰਘ ਚੱਕ ਸੈਦੋਕਾ, ਰਾਮ ਨਰਾਇਣ, ਸਰਵਮਿੱਤਰ ਸੁਆਹਵਾਲੀ ਵਾਂ, ਅਮਰੀਕ ਸਿੰਘ ਪੰਨੀ ਕੜਾਹੀ, ਬਲਵਿੰਦਰ ਸਿੰਘ ਆਦਿ ਸਣੇ ਸੈਂਕੜੇ ਕਿਸਾਨ ਹਾਜ਼ਰ ਸਨ।