ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ (ਮੁਹਾਲੀ), 7 ਜੁਲਾਈ
ਪੰਜਾਬੀ ਕਲਾਕਾਰਾਂ ਦੀ ਸੰਸਥਾ ‘ਨਾਰਥ ਜ਼ੋਨ ਫ਼ਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ’ ਦੇ ਮੁਹਾਲੀ ਦਫ਼ਤਰ ਵਿੱਚ ਪੰਜਾਬੀ ਕਲਾਕਾਰਾਂ ਦੀ ਹੰਗਾਮੀ ਮੀਟਿੰਗ ਹੋਈ। ਇਸ ਮੌਕੇ ਬੌਲੀਵੁੱਡ ਦੇ ਮਹਾਨਾਇਕ ਦਿਲੀਪ ਕੁਮਾਰ ਦੇ ਵਿਛੋੜੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਘੁੱਗੀ ਨੇ ਦਿਲੀਪ ਕੁਮਾਰ ਦੀ ਜੀਵਨੀ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ, ‘ਅਸੀਂ ਇੱਕ ਹੋਰ ਮਹਾਨ ਪੰਜਾਬੀ ਪਿਛੋਕੜ ਵਾਲੇ ਕਲਾਕਾਰ ਤੋਂ ਵਾਂਝੇ ਹੋ ਗਏ ਹਾਂ, ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਸ਼ਵਿੰਦਰ ਮਾਹਲ, ਭਾਰਤ ਭੂਸ਼ਨ ਵਰਮਾ, ਰਾਜ ਧਾਲੀਵਾਲ, ਪਰਮਜੀਤ ਭੰਗੂ, ਦਲਜੀਤ ਅਰੋੜਾ, ਪਰਮਵੀਰ ਅਤੇ ਗੁਰਬਿੰਦਰ ਮਾਨ ਨੇ ਵਿਛੜੇ ਕਲਾਕਾਰ ਦੀ ਫ਼ਿਲਮੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਅਤੇ ਉਨ੍ਹਾਂ ਵੱਲੋਂ ਸਿਨੇਮਾ ਉਦਯੋਗ ਵਿੱਚ ਪਾਏ ਯੋਗਦਾਨ ਬਾਰੇ ਚਰਚਾ ਕੀਤੀ।