ਮਾਸਕੋ: ਜਹਾਜ਼ ਹਾਦਸੇ ਤੋਂ ਇਕ ਦਿਨ ਬਾਅਦ ਬਚਾਅ ਦਲ ਨੂੰ ਰੂਸ ਦੇ ਫਾਰ ਈਸਟ ਦੇ ਪੱਛੜੇ ਹੋਏ ਇਲਾਕੇ ਵਿਚ 19 ਲਾਸ਼ਾਂ ਮਿਲੀਆਂ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜਹਾਜ਼ ਐਂਟੋਨੋਵ ਏਐੱਨ-26 ਕਾਮਚਾਤਕਾ ਖੇਤਰ ਕੋਲ ਆਪਣੀ ਮੰਜ਼ਿਲ ਪਲਾਨਾ ਨਗਰ ਕੋਲ ਮੰਗਲਵਾਰ ਨੂੰ ਖ਼ਰਾਬ ਮੌਸਮ ਵਿਚਾਲੇ ਉਤਰਦੇ ਹੋਏ ਹਾਦਸਾਗ੍ਰਸਤ ਹੋ ਗਿਆ ਸੀ। ਇਸ ਵਿਚ 28 ਲੋਕ ਸਵਾਰ ਸਨ। ਇਹ ਜਹਾਜ਼ ਮੰਗਲਵਾਰ ਸਵੇਰੇ ਪੈਤ੍ਰੋਪਾਵਲੋਸਕ-ਕਾਮਚਾਤਕਾ ਵੱਲੋਂ ਪਲਾਨਾ ਆ ਰਿਹਾ ਸੀ। ਜਹਾਜ਼ ਦਾ ਮਲਬਾ ਮੰਗਲਵਾਰ ਸ਼ਾਮ ਨੂੰ ਤੱਟੀ ਚੱਟਾਨ ਉੱਤੇ ਅਤੇ ਸਮੁੰਦਰ ਵਿਚ ਮਿਲਿਆ ਸੀ ਅਤੇ ਹਨੇਰਾ ਹੋਣ ਕਰ ਕੇ ਰਾਹਤ ਕਾਰਜ ਤੇ ਤਲਾਸ਼ੀ ਮੁਹਿੰਮ ਬੁੱਧਵਾਰ ਸਵੇਰ ਤੱਕ ਟਾਲ ਦਿੱਤੀ ਗਈ ਸੀ। ਕਾਮਚਾਤਕਾ ਦੇ ਗਵਰਨਰ ਵਲਾਦੀਮੀਰ ਸੋਲੋਦੋਵ ਨੇ ਸਰਕਾਰੀ ਨਿਊਜ਼ ਏਜੰਸੀ ‘ਤਾਸ’ ਨੂੰ ਦੱਸਿਆ, ‘‘ਸ਼ੁਰੂਆਤ ਵਿਚ ਮਿਲੀਆਂ ਲਾਸ਼ਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ ਗਿਆ।’’ ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 19 ਲਾਸ਼ਾਂ ਮਿਲੀਆਂ ਹਨ ਅਤੇ ਇਨ੍ਹਾਂ ਵਿਚੋਂ ਇਕ ਦੀ ਪਹਿਲਾਂ ਹੀ ਪਛਾਣ ਕੀਤੀ ਜਾ ਚੁੱਕੀ ਹੈ। -ੲੇਪੀ