ਪੱਤਰ ਪ੍ਰੇਰਕ
ਜੀਂਦ/ਨਰਵਾਣਾ, 8 ਜੁਲਾਈ
ਇਥੇ ਪਿੰਡ ਸਿੰਸਰ ਦੇ ਇੱਕ ਕਿਸਾਨ ਦੁਆਰਾ ਆਪਣੇ ਆੜ੍ਹਤੀ ਤੋਂ ਪਿਛਲੇ 10 ਸਾਲਾਂ ਤੋਂ ਲੈਣ-ਦੇਣ ਦਾ ਹਿਸਾਬ ਦੇਣ ਲਈ ਨਰਵਾਣਾ ਦੀ ਨਵੀਂ ਅਨਾਜ ਮੰਡੀ ਸਥਿਤ ਆੜ੍ਹਤੀ ਦੀ ਦੁਕਾਨ ਦੇ ਬਾਹਰ ਪਿਛਲੇ 3 ਦਿਨਾਂ ਤੋਂ ਧਰਨਾ ਕੀਤਾ ਗਿਆ ਹੈ।
ਕਿਸਾਨ ਬਾਲ ਕਿਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਹ ਸੰਨ 2012 ਤੋਂ ਆੜ੍ਹਤੀ ਮਦਨ ਦੇ ਕੋਲ ਆਪਣੀ 10 ਏਕੜ ਦੀ ਫ਼ਸਲ ਲਿਆ ਰਿਹਾ ਹੈ, ਜਦੋਂ ਉਸਨੇ ਆੜ੍ਹਤੀ ਕੋਲੋਂ ਅਪਣੀ 10 ਸਾਲ ਦਾ ਹਿਸਾਬ ਮੰਗਿਆ ਤਾਂ ਆੜ੍ਹਤੀ ਮਦਨ ਨੇ ਕਿਸਾਨ ਨੂੰ ਹੀ ਕਹਿ ਦਿੱਤਾ ਕਿ ਮੈਂ ਤੇਰੇ ਕੋਲੋਂ ਪੈਸੇ ਲੈਣੇ ਹਨ। ਕਿਸਾਨ ਦਾ ਦੋਸ਼ ਹੈ ਕਿ ਉਪਰੋਕਤ ਆੜ੍ਹਤੀ ਨੇ ਚੱਕਰਵਰਤੀ ਵਿਆਜ਼ ਲਗਾ ਕੇ ਉਸਨੂੰ ਕਰਜ਼ਦਾਰ ਬਣਾ ਦਿੱਤਾ ਹੈ। ਰੁਪਏ ਦਾ ਪੱਕਾ ਸਬੂਤ ਆੜ੍ਹਤੀ ਵੱਲੋਂ ਨਹੀਂ ਦਿੱਤਾ ਜਾ ਰਿਹਾ। ਆੜ੍ਹਤੀ ਅਤੇ ਕਿਸਾਨ ਦੇ ਵਿਚਕਾਰ ਚੱਲ ਰਹੇ ਵਿਵਾਦ ਨੂੰ ਸਮਾਪਤ ਕਰਵਾਉਣ ਲਈ ਥਾਣਾ ਦੇ ਐੱਸਆਈ ਬਲਦੇਵ ਸਿੰਘ ਮੌਕੇ ਉੱਤੇ ਪਹੁੰਚੇ ਤੇ ਕਿਸਾਨ ਨੂੰ ਸਮਝਾ ਕੇ ਧਰਨਾ ਸਮਾਪਤ ਕਰਵਾ ਦਿੱਤਾ ਸੀ।
ਉੱਧਰ ਆੜ੍ਹਤੀ ਦਾ ਕਹਿਣਾ ਹੈ ਕਿ ਕਿਸਾਨ ਦਾ ਸਾਰਾ ਹਿਸਾਬ-ਕਿਤਾਬ ਸਾਫ ਕਰ ਦਿੱਤਾ ਹੈ ਫਿਰ ਵੀ ਕਿਸਾਨ ਆਪਣੇ ਕੁਝ ਸਾਥੀਆਂ ਨੂੰ ਲੈ ਕੇ ਧਰਨਾ ਦੇ ਰਿਹਾ ਹੈ।
ਨਰਵਾਣਾ ਮੰਡੀ ਐਸੋਸੀਏਸ਼ਨ ਦੇ ਪ੍ਰਧਾਨ ਸਸ਼ੀਕਾਂਤ ਸਰਮਾ ਨੇ ਦੱਸਿਆ ਕਿ ਇੱਥੇ ਕਿਸੇ ਦਾ ਬਾਈਕਾਟ ਕੀਤੇ ਜਾਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਕਿਸਾਨ ਤੇ ਆੜ੍ਹਤੀ ਦਾ ਨਹੁੰ ਮਾਲ ਦਾ ਰਿਸ਼ਤਾ ਹੈ। ਮਾਮਲਾ ਸੁਲਝਾ ਦਿੱਤਾ ਹੈ ਪਰੰਤੂ ਕਿਸਾਨ ਦਾ ਕਹਿਣਾ ਹੈ ਕਿ ਜਦੋਂ ਤੱਕ ਆੜ੍ਹਤੀ ਪੱਕੇ ਤੌਰ ਉੱਤੇ ਲਿਖ ਕੇ ਨਹੀਂ ਦਿੰਦਾ, ਉਦੋਂ ਤੱਕ ਉਹ ਧਰਨੇ ਤੋਂ ਨਹੀਂ ਉੱਠੇਗਾ।