ਨਵੀਂ ਦਿੱਲੀ, 9 ਜੁਲਾਈ
ਨਵੇਂ ਆਈਟੀ ਨੇਮਾਂ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਵੱਖ ਵੱਖ ਹਾਈ ਕੋਰਟਾਂ ’ਚ ਪਾਈਆਂ ਗਈਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ’ਚ ਟਰਾਂਸਫਰ ਕਰਨ ਦੀ ਮੰਗ ਵਾਲੀ ਕੇਂਦਰ ਦੀ ਅਰਜ਼ੀ ’ਤੇ ਸਿਖਰਲੀ ਅਦਾਲਤ ਨੇ ਅੱਜ ਕਿਹਾ ਕਿ ਇਸ ’ਤੇ 16 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ। ਇਸ ਦੇ ਨਾਲ ਓਵਰ ਦਿ ਟੌਪ (ਓਟੀਟੀ) ਪਲੈਟਫਾਰਮ ਨੂੰ ਨਿਯਮਤ ਕਰਨ ਸਬੰਧੀ ਬਕਾਇਆ ਮਾਮਲੇ ਦੀ ਵੀ ਸੁਣਵਾਈ ਹੋਵੇਗੀ। ਜਸਟਿਸ ੲੇ ਐੱਮ ਖਾਨਵਿਲਕਰ ਅਤੇ ਸੰਜੀਵ ਖੰਨਾ ਦੇ ਬੈਂਚ ਨੇ ਕੇਂਦਰ ਦੀ ਅਰਜ਼ੀ ਨੂੰ ਬਕਾਇਆ ਪਈ ਵਿਸ਼ੇਸ਼ ਲੀਵ ਪਟੀਸ਼ਨ ਨਾਲ ਨੱਥੀ ਕਰ ਦਿੱਤਾ ਜਿਸ ’ਤੇ ਸੁਪਰੀਮ ਕੋਰਟ ਨੇ ਮਾਰਚ ’ਚ ਰੋਕ ਲਾ ਦਿੱਤੀ ਸੀ। ਬੈਂਚ ਨੇ ਕਿਹਾ ਕਿ ਇਹ ਮਾਮਲਾ 16 ਜੁਲਾਈ ਨੂੰ ਢੁੱਕਵੇਂ ਬੈਂਚ ਕੋਲ ਸੂਚੀਬੱਧ ਕੀਤਾ ਜਾਵੇਗਾ।-ਪੀਟੀਆਈ