ਦਵਿੰਦਰ ਸਿੰਘ
ਯਮੁਨਾਨਗਰ, 8 ਜੁਲਾਈ
ਸਯੁੰਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਨੇ ਮਿਨੀ ਸਕੱਤਰੇਤ ਦਾ ਸਾਹਮਣੇ ਸਥਿਤ ਅਨਾਜ ਮੰਡੀ ਦੇ ਗੇਟ ਮੁਹਰੇ ਇੱਕਠੇ ਹੋ ਕੇ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ । ਇਸ ਮੁਜ਼ਾਹਰੇ ਵਿੱਚ ਅਖਿਲ ਭਾਰਤੀ ਕਿਸਾਨ ਸਭਾ, ਕਿਸਾਨ ਸਭਾ ਹਰਿਆਣਾ, ਭਾਰਤੀ ਕਿਸਾਨ ਯੁਨੀਅਨ ਚੜੂਨੀ ਸੰਗਠਨ ਅਤੇ ਭਾਰਤੀ ਕਿਸਾਨ ਯੁਨੀਅਨ ਟਿਕੈਤ ਸੰਗਠਨ ਦੇ ਕਿਸਾਨ ਨੇਤਾ ਅਤੇ ਕਿਸਾਨ ਹੱਥਾਂ ਵਿੱਚ ਝੰਡੇ ਲੈ ਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਭਾਰਤੀ ਕਿਸਾਨ ਯੁਨੀਅਨ ਚੜੂਨੀ ਸੰਗਠਨ ਦੇ ਜ਼ਿਲ੍ਹਾ ਪਰਧਾਨ ਸੰਜੂ ਗੁੰਦਿਆਨਾ ਅਤੇ ਅਖਿਲ ਭਾਰਤੀ ਕਿਸਾਨ ਸਭਾ ਦੇ ਜ਼ਿਲ੍ਹਾ ਪਰਧਾਨ ਜਰਨੈਲ ਸਿੰਘ ਸਾਂਗਵਾਨ ਨੇ ਕਿਹਾ ਕਿ ਇਹ ਪ੍ਰਦਰਸ਼ਨ ਦੇਸ਼ ਬਚਾਓ ਅਤੇ ਸੰਵਿਧਾਨ ਬਚਾਓ ਦੇ ਨਾਅਰੇ ਨੂੰ ਸਮਰਪਿਤ ਹੈ । ਉਨ੍ਹਾਂ ਕਿਹਾ ਕਿ ਅਸੀਂ ਸੁਤੀ ਹੋਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਾਂ ਕਿ ਇਸ ਸਰਕਾਰ ਨੇ ਪੈਟ੍ਰੋਲੀਅਮ ਪਦਾਰਥਾਂ ਤੇ ਐਨੇ ਟੈਕਸ ਵਧਾ ਦਿੱਤੇ ਹਨ ਜਿਸ ਕਰ ਕੇ ਮਹਿੰਗਾਈ ਬੇਤਹਾਸ਼ਾ ਵੱਧ ਰਹੀ ਹੈ। ਰਸੋਈ ਵਿੱਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਵਸਤੂਆਂ ਐਨੀਆਂ ਮਹਿੰਗੀਆਂ ਹੋ ਗਈਆਂ ਹਨ ਕਿ ਇਸ ਨਾਲ ਭਾਜਪਾ ਸਰਕਾਰ ਨੇ ਕਿਸਾਨ, ਮਜ਼ਦੂਰ ਅਤੇ ਗਰੀਬ ਵਰਗ ਤੋਂ ਰੋਟੀ ਖੋਹ ਲਈ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰਦੀ ਹੈ ਪਰ ਹੋਇਆ ਇਸ ਦੇ ਉਲਟ ਹੈ। ਸਰਕਾਰੀ ਨੀਤੀਆਂ ਕਰਕੇ ਕਿਸਾਨਾਂ ਦੀ ਆਮਦਨ ਤਾਂ ਦੱੁਗਣੀ ਨਹੀਂ ਹੋਈ ਬਲਕਿ ਸਰਕਾਰ ਦੀ ਅਪਣੀ ਇਨਕਮ ਦੁੱਗਣੀ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਗੈਸ ਸਿਲੰਡਰ ਵਿੱਚ ਵਾਧੇ ਦੇ ਮੁੱਦੇ ਨੂੰ ਲੈ ਕੇ ਸਿਰ ’ਤੇ ਸਿਲੰਡਰ ਰੱਖ ਕੇ ਧਰਨਾ ਪ੍ਰਦਰਸ਼ਨ ਕਰਦੀ ਹੁੰਦੀ ਸੀ ਪਰ ਹੁਣ ਸਿਲੰਡਰ ਦਾ ਭਾਅ ਐਨਾ ਵੱਧ ਗਿਆ ਹੈ ਤੇ ਹੁਣ ਉਹ ਚੁੱਪ ਕਿਉਂ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਇਸ ਦਾ ਖਮਿਆਜ਼ਾ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।
ਜੀਂਦ/ਸਫੀਦੋਂ (ਮਹਾਂਵੀਰ ਮਿੱਤਲ): ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਵੱਧਦੀ ਕੀਮਤਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਸਫੀਦੋਂ ਨਗਰ ਦੇ ਇਤਿਹਾਸਕ ਖਾਨਸਰ ਚੌਕ ਉੱਤੇ ਨਗਰ ਦੇ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਅਤੇ ਕਿਸਾਨਾਂ ਨੇ ਪ੍ਰਦੇਸ਼ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗਗਨਦੀਪ ਨਿਮਨਾਬਾਦ, ਰਾਧੇ ਸਿਆਮ ਹਾਟ, ਸਮਸ਼ੇਰ ਗੰਗੋਲੀ, ਜਗਨ ਨਾਥ ਰਾਮ ਨਗਰ, ਦੀਪਕ ਡਿਡਵਾੜਾ, ਦਲੇਰ ਸਿੰਘ ਬੜੋਦ, ਨਰਿੰਦਰਪਾਲ ਸਿੰਘ ਨਿਮਨਾਬਾਦ, ਮਹੁੱਬਤ ਸਿੰਘ, ਇਕਬਾਲ ਸਿੰਘ, ਨਰਿੰਦਰ ਖਰਬ ਅਤੇ ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਇੱਕ ਪਾਸੇ ਕਰੋਨਾ ਮਹਾਮਾਰੀ ਅਤੇ ਦੂਜੇ ਪਾਸੇ ਕਮਰਤੋੜ ਮਹਿੰਗਾਈ ਨੇ ਦੇਸ਼ ਦੇ ਆਮ ਵਿਅਕਤੀ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਉੱਧਰ ਸਰਕਾਰ ਖੇਤੀ ਦੇ ਨਵੇਂ ਤਿੰਨ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਤਬਾਹ ਕਰਨ ਉੱਤੇ ਤੁਲੀ ਹੋਈ ਹੈ। ਮਜ਼ਦੂਰ ਕਾਨੂੰਨਾਂ ਨੂੰ ਚਾਰ ਕੋਡਜ਼ ਵਿੱਚ ਬਦਲ ਕੇ ਸਰਕਾਰ ਨੇ ਕਿਸਾਨਾਂ ਨੂੰ ਕਾਰਪੋਰੇਟ ਜਗਤ ਦਾ ਗੁਲਾਮ ਬਨਾਉਣ ਦੀ ਤਿਆਰੀ ਕਰ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਭਾਰੀ ਅੰਤਰ ਹੁੰਦਾ ਸੀ ਪਰੰਤੂ ਅੱਜ ਦੋਨਾਂ ਦੇ ਰੇਟ ਇੱਕ ਸਮਾਨ ਪੁੱਜ ਗਏ ਹਨ। ਡੀਜ਼ਲ ਦੇ ਰੇਟਾਂ ਨੇ ਕਿਸਾਨਾਂ ਦਾ ਬਜ਼ਟ ਹੀ ਵਿਗਾੜ ਕੇ ਰੱਖ ਦਿੱਤਾ ਹੈ ਭਾਵ ਕਿ ਕਿਸਾਨਾਂ ਦੇ ਖਰਚੇ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਜਿਸ ਪ੍ਰਕਾਰ ਪਟਰੋਲ ਅਤੇ ਖੇਤੀ ਦੇ ਕੰਮਾਂ ਵਿੱਚ ਪ੍ਰਯੋਗ ਆਉਣ ਵਾਲੇ ਪਦਾਰਥਾਂ ਦੇ ਰੇਟ ਵਧੇ ਹਨ, ਉਨੇ ਫਸਲਾਂ ਦੇ ਰੇਟ ਨਹੀਂ ਵਧੇ, ਸਗੋਂ ਫਸਲਾਂ ਦੇ ਰੇਟ ਉੱਥੇ ਹੀ ਖੜ੍ਹੇ ਹਨ। ਕਿਸਾਨਾਂ ਨੂੰ ਖੇਤੀ ਕਰਨੀ ਘਾਟੇ ਦਾ ਸੌਦਾ ਸਾਬਿਤ ਹੋ ਰਿਹਾ ਹੈ। ਪਟਰੋਲ 100 ਰੁਪਏ ਤੋਂ ਉਪਰ ਪਹੁੰਚ ਚੁੱਕਿਆ ਹੈ, ਜਦੋਂ ਕਿ ਰਸੋਈ ਗੈਸ ਦਾ ਸਿਲੰਡਰ 820 ਰੁਪਏ ਤੱਕ ਪਹੁੰਚ ਚੁੱਕਿਆ ਹੈ। ਪਟਰੋਲ, ਡੀਜ਼ਲ ਅਤੇ ਰੋਸਈ ਗੈਸ ਦੇ ਵੱਧਦੇ ਦਾਮਾਂ ਨੇ ਆਮ ਲੋਕਾਂ ਦਾ ਬਜ਼ਟ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ। ਹਾਲਾਤ ਇਹ ਹਨ ਕਿ ਰੋਸਈ ਗੈਸ ਉੱਤੇ ਮਿਲਣ ਵਾਲੀ ਸਬਸਿਡੀ ਖਤਮ ਹੋਣ ਦੇ ਕਾਗਾਰ ਉੱਤੇ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅੰਦੋਲਨ ਖੇਤੀ ਦੇ ਬਣਾਏ ਗਏ ਨਵੇਂ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੁਰੂ ਕੀਤਾ ਗਿਆ ਸੀ ਪਰੰਤੂ ਹੁਣ ਹੋਲੀ-ਹੋਲੀ ਜਿਹੜੀਆਂ ਵੀ ਸਮੱਸਿਆਵਾਂ ਆਮ ਲੋਕਾਂ ਅਤੇ ਕਿਸਾਨਾ ਦੇ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ਦਾ ਡੱਟਕੇ ਵਿਰੋਧ ਕੀਤਾ ਜਾਵੇਗਾ।
ਸ਼ਾਹਬਾਦ ਮਾਰਕੰਡਾ (ਸਤਨਾਮ ਸਿੰਘ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਕਿਸਾਨਾਂ ਨੇ ਮੰਹਿਗਾਈ ਦੇ ਵਿਰੋਧ ਵਿੱਚ ਭਾਕਿਯੂ ਨੇਤਾ ਅਮਰੀਕ ਸਿੰਘ ਤੇ ਮਨੋਜ ਸਿਰਸਿਲਾ ਦੀ ਅਗਵਾਈ ਵਿਚ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਸਰਕਾਰ ਤੋਂ ਮੰਹਿਗਾਈ ਨੂੰ ਨੱਥ ਪਾਉਣ ਤੇ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਸਿਰਸਿਲਾ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਤਾਨਾਸ਼ਾਹੀ ਤੇ ਉਤਰ ਆਈ ਹੈ ਤੇ ਦੇਸ਼ ਵਿੱਚ ਮੰਹਿਗਾਈ ਨੂੰ ਵਧਾ ਕੇ ਆਮ ਆਦਮੀ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਸਾਨਾਂ ਸਣੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਹੱਕਾਂ ਦੀ ਰਾਖੀ ਲਈ ਮੰਹਿਗਾਈ ਤੇ ਲਗਾਮ ਕਸੱਣ ਦੇ ਲਈ ਇਕਜੁੱਟ ਹੋ ਕੇ ਕੇਂਦਰ ਸਰਕਾਰ ਦੀਆਂ ਤਾਨਾਸ਼ਾਹੀ ਨੀਤੀਆਂ ਦਾ ਸਖ਼ਤ ਵਿਰੋਧ ਕਰੇ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਤਦ ਤਕ ਜਾਰੀ ਰਖੇਗਾ ਜਦ ਤਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ।
ਵਪਾਰੀਆਂ ਵੱਲੋਂ ਤੇਲ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ
ਨਵੀਂ ਦਿੱਲੀ (ਮਨਧੀਰ ਦਿਓਲ): ਦਿੱਲੀ ਵਿੱਚ ਪੈਟਰੋਲ ਵੱਲੋਂ ਸੈਂਕੜਾ ਮਾਰ ਲੈਣ ਮਗਰੋਂ ਵਪਾਰੀ ਵਰਗ ਵੀ ਪ੍ਰੇਸ਼ਾਨ ਹੈ ਤੇ ਕੌਮੀ ਰਾਜਧਾਨੀ ਦਿੱਲੀ ਵਿੱਚ ਵਪਾਰੀਆਂ ਨੇ ਸੜਕਾਂ ਉਪਰ ਉੱਤਰਨ ਦਾ ਫ਼ੈਸਲਾ ਕੀਤਾ। ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਦਾ ਦਿਲ ਕਹੇ ਜਾਂਦੇ ਕਨਾਟ ਪਲੈਸ ਵਿੱਚ ਰੋਸ ਪ੍ਰਦਰਸ਼ਨ ਕਰ ਕੇ ਵਪਾਰੀਆਂ ਨੇ ਆਪਣੀ ਨਾਰਾਜ਼ਗੀ ਜਾਹਰ ਕੀਤੀ। ਵਪਾਰੀਆਂ ਨੇ ਮੰਗ ਕੀਤੀ ਕਿ ਤੇਲ ਉਤਪਾਦਾਂ ਨੂੰ ਸੇਵਾ ਕਰ (ਜੀਐੱਸਟੀ) ਦੇ ਦਾਇਰੇ ਵਿੱਚ ਲਿਆਂਦਾ ਜਾਵੇ।ਚੈਂਬਰ ਆਫ ਟਰੇਡ ਐਂਡ ਇੰਡਸਟਰੀਜ਼ (ਸੀਟੀਆਈ) ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਤੇਲ ਦੀਆਂ ਕੀਮਤਾਂ ਨੇ ਦੇਸ਼ ਭਰ ਦੇ ਲੋਕਾਂ ਦੀਆਂ ਜੇਬਾਂ ਉਪਰ ਡਾਕਾ ਮਾਰਿਆ ਹੈ। ਪਹਿਲਾਂ ਹੀ ਦੇਸ਼ ਕਰੋਨਾ ਦੀ ਮਾਰ ਹਰ ਪੱਖ ਤੋਂ ਝੱਲ ਰਿਹਾ ਹੈ, ਦੂਜੇ ਪਾਸੇ ਵਪਾਰੀ ਤੇਲ ਤੇ ਰਸੋਈ ਗੈਸ ਦੀਆਂ ਦਿਨੋਂ-ਦਿਨ ਵਧ ਰਹੀਆਂ ਕੀਮਤਾਂ ਤੋਂ ਪ੍ਰੇਸ਼ਾਨ ਹਨ। ਕਨਾਟ ਪਲੈਸ ਦੇ ਈ-ਬਲਾਕ ਵਿੱਚ ਪੈਟਰੋਲ ਪੰਪ ਦੇ ਸਾਹਮਣੇ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ। ਵਪਾਰੀਆਂ ਨੇ ‘ਇੱਕ ਦੇਸ਼-ਇੱਕ ਕਰ’ ਦੀ ਆਵਾਜ਼ ਬੁਲੰਦ ਕਰਦੇ ਹੋਏ ਤੇਲ ਉਤਪਾਦਾਂ ਨੂੰ ਸੇਵਾ ਕਰ ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਕੀਤੀ।ਸੀਟੀਆਈ ਦੇ ਪ੍ਰਧਾਨ ਸੁਭਾਸ਼ ਖੰਡੇਲਵਾਲ ਨੇ ਕਿਹਾ ਕਿ ਕਰੋਨਾ ਕਾਲ ਵਿੱਚ ਜਦੋਂ ਬੱਸਾਂ ਤੇ ਮੈਟਰੋ ਵਿੱਚ ਸਫ਼ਰ ਕਰਨਾ ਇਕ ਹੱਦ ਤੱਕ ਸੀਮਿਤ ਹੈ। ਇਸ ਦੌਰਾਨ ਲੋਕ ਕਰੋਨਾ ਦੀ ਲਾਗ ਤੋਂ ਬਚਣ ਲਈ ਆਪਣੇ ਵਾਹਨਾਂ ਦੀ ਵੱਧ ਵਰਤੋਂ ਨੂੰ ਤਵੱਜੋਂ ਦਿੰਦੇ ਹਨ। ਉਨ੍ਹਾਂ ਨੂੰ ਰੋਜ਼ਾਨਾ ਰੁਪਏ ਲਿਟਰ ਦੀ ਦਰ ਨਾਲ ਪੈਟਰੋਲ ਗੱਡੀਆਂ ਵਿੱਚ ਪਵਾਉਣਾ ਬਹੁਤ ਤਕਲੀਫ਼ਦੇਹ ਹੁੰਦਾ ਹੈ। ਚੇਤੇ ਰਹੇ ਬੀਤੇ ਦਿਨ ਦਿੱਲੀ ਵਿੱਚ ਪੈਟਰੋਲ 100 ਰੁਪਏ ਲਿਟਰ ਤੱਕ ਪਹੁੰਚ ਗਿਆ ਜਿਸ ਦਾ ਅਸਰ ਹਰ ਖੇਤਰ ਵਿੱਚ ਪੈਂਦਾ ਹੈ। ਆਮ ਲੋਕਾਂ ਨੇ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਤੇਲ ਉਪਰ ਕਰਾਂ ਨੂੰ ਘਟਾਇਆ ਜਾਵੇ।