ਪਾਲ ਸਿੰਘ ਨੌਲੀ
ਜਲੰਧਰ, 8 ਜੁਲਾਈ
ਦੇਸ਼ ਵਿਚ ਵਧ ਰਹੀਆਂ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਸਵੇਰੇ 10 ਤੋਂ 12 ਵਜੇ ਤੱਕ ਨੈਸ਼ਨਲ ਤੇ ਕੌਮੀ ਮਾਰਗਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਜਲੰਧਰ-ਪਾਣੀਪਤ ਕੌਮੀ ਮਾਰਗ ’ਤੇ ਰਾਮਾਮੰਡੀ ਫਲਾਈਓਵਰ ਤੋਂ ਲੈ ਕੇ ਲੁਧਿਆਣੇ ਵੱਲ ਨੂੰ ਸਰਵਿਸ ਲੇਨ ’ਤੇ ਗੱਡਆਂ ਦੀ ਵੱਡੀ ਲਾਈਨ ਲਾ ਦਿੱਤੀ। ਜ਼ਿਆਦਾਤਰ ਕਿਸਾਨ ਆਪਣੇ ਟਰੈਕਟਰ, ਟਰਾਲੀਆਂ ਵਿੱਚ ਲੱਦ ਕੇ ਲਿਆਏ ਸਨ, ਜਿਨ੍ਹਾਂ ਉੱਪਰ ‘ਸੇਲ’ ਦੀਆਂ ਤਖਤੀਆਂ ਟੰਗੀਆਂ ਹੋਈਆਂ ਸਨ। ਤਖ਼ਤੀਆਂ ਉੱਪਰ ਲਿਖਿਆ ਹੋਇਆ ਕਿ ‘ਮਹਿੰਗਾ ਡੀਜ਼ਲ ਹੋਣ ਕਰਕੇ ਉਹ ਟਰੈਕਟਰਾਂ ਵਿਚ ਤੇਲ ਪੁਆ ਨਹੀਂ ਸਕਦੇ। ਇਸ ਲਈ ਆਪਣੇ ਟਰੈਕਟਰ ਵੇਚਣ ਲਈ ਮਜਬੂਰ ਹਨ’। ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਤੋਖ ਸਿੰਘ ਸੰਧੂ ਅਤੇ ਮੱਖਣ ਸਿੰਘ ਕੰਦੋਲਾ ਦੀ ਅਗਵਾਈ ਵਿੱਚ ਨੂਰਮਹਿਲ-ਫਿਲੌਰ ਰੋਡ, ਤਲਵਣ ਰੋਡ ਮਹਿਤਪੁਰ ਅਤੇ ਸ਼ਾਹਕੋਟ ਰੋਡ ’ਤੇ ਗੱਡੀਆਂ, ਮੋਟਰਸਾਈਕਲਾਂ ਤੇ ਟਰੈਕਟਰਾਂ ਦੇ ਹਾਰਨ ਵਜਾ ਕੇ ਪ੍ਰਦਰਸ਼ਨ ਕੀਤੇ। ਦਿਹਾਤੀ ਮਜ਼ਦੂਰ ਸਭਾ ਨੇ ਬਲਦੇਵ ਸਿੰਘ ਨੂਰਪੁਰੀ ਦੀ ਅਗਵਾਈ ਵਿਚ ਬੀਐੱਮਸੀ ਚੌਂਕ ਵਿਚ ਤੇਲ ਅਤੇ ਗੈਸ ਕੀਮਤਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਵੱਲੋਂ ਕੌਮੀ ਮਾਰਗ ’ਤੇ ਟਰੈਕਟਰ, ਗੱਡੀਆਂ, ਮੋਟਰਸਾਈਕਲ ਤੇ ਹੋਰ ਸਾਧਨ ਏਨੀ ਵੱਡੀ ਗਿਣਤੀ ਵਿਚ ਖੜ੍ਹੇ ਕੀਤੇ ਗਏ ਸਨ ਕਿ ਉਨ੍ਹਾਂ ਦੀ ਲਾਈਨ ਕਈ ਕਿਲੋਮੀਟਰਾਂ ਤੱਕ ਲੱਗੀ ਹੋਈ ਸੀ। ਕਿਸਾਨਾਂ ਨੇ ਪ੍ਰਦਰਸ਼ਨ ਖਤਮ ਕਰਨ ਸਮੇਂ 7-8 ਮਿੰਟਾਂ ਲਈ ਗੱਡੀਆਂ ਦੇ ਹਾਰਨ ਵੀ ਵਜਾਏ। ਰੋਸ ਪ੍ਰਦਰਸ਼ਨ ਦੌਰਾਨ ਸਾਰੀ ਟ੍ਰੈਫਿਕ ਚੱਲਦੀ ਰਹੀ। ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ ਤੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਇਸਤਰੀ ਵਿੰਗ ਦੀ ਬਲਾਕ ਪ੍ਰਧਾਨ ਬੀਬੀ ਜਸਵਿੰਦਰ ਕੌਰ, ਮਨਜਿੰਦਰ ਸਿੰਘ ਜੌਹਲ, ਜਸਵੰਤ ਸਿੰਘ ਬਿੱਲਾ, ਅਰਵਿੰਦਰ ਸਿੰਘ ਸੰਸਾਰਪੁਰ, ਤਰਲੋਕ ਸਿੰਘ ਦਾਦੂਵਾਲ, ਬਲਕਾਰ ਸਿੰਘ ਖਾਲਸਾ ਧੰਨੋਵਾਲੀ ਤੇ ਹੋਰ ਆਗੂ ਵੀ ਸ਼ਾਮਲ ਸਨ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਮੁੱਖ ਚੌਕ ਬਲਾਚੌਰ, ਬਲਾਚੌਰ-ਰੋਪੜ ਕੌਮੀ ਮਾਰਗ ‘ਤੇ ਸਥਿਤ ਟੌਲ ਪਲਾਜ਼ਾ ਬੱਛੂਆਂ ਵਿਖੇ ਕਾਮਰੇਡ ਕਰਨ ਸਿੰਘ ਰਾਣਾ, ਕਾਮਰੇਡ ਅਵਤਾਰ ਸਿੰਘ ਤਾਰੀ ਅਤੇ ਸਤਨਾਮ ਸਿੰਘ ਜਲਾਲਪੁਰ ਆਦਿ ਆਗੂਆਂ ਦੀ ਅਗਵਾਈ ਵਿੱਚ ਅਤੇ ਬਲਾਚੌਰ-ਗੜ੍ਹਸ਼ੰਕਰ ਮਾਰਗ ‘ਤੇ ਸਥਿਤ ਟੌਲ ਪਲਾਜ਼ਾ ਕਰਾਵਰ(ਮਜਾਰੀ) ਵਿਖੇ ਮਹਿੰਗਾਈ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ।
ਅਟਾਰੀ(ਦਿਲਬਾਗ ਗਿੱਲ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਖਾਲੀ ਟਰੈਕਟਰਾਂ ’ਤੇ ਗੈਸ ਸਿਲੰਡਰ ਰੱਖ ਕੇ ਮੋਦੀ ਸਰਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ।
ਤਰਨ ਤਾਰਨ(ਗੁਰਬਖਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਝੰਡੇ ਹੇਠ ਅੱਜ ਕੌਮੀ ਸ਼ਾਹ ਮਾਰਗ ਨੰਬਰ 54 ’ਤੇ ਸਥਿਤ ਉਸਮਾਂ ਟੌਲ ਪਲਾਜ਼ਾ ’ਤੇ ਜ਼ਬਰਦਸਤ ਰੋਸ ਵਿਖਾਵਾ ਕੀਤਾ| ਇਸ ਮੌਕੇ ਜਥੇਬੰਦੀ ਦੇ ਆਗੂ ਫਤਿਹ ਸਿੰਘ ਪਿੱਦੀ, ਸੁਖਵਿੰਦਰ ਸਿੰਘ ਦੁਗਲਵਾਲਾ, ਬਲਜਿੰਦਰ ਸਿੰਘ ਸ਼ੇਰੋਂ ਆਦਿ ਨੇ ਸੰਬੋਧਨ ਕੀਤਾ।
ਕਰਤਾਰਪੁਰ(ਗੁਰਨੇਕ ਸਿੰਘ ਵਿਰਦੀ): ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ਕਰਕੇ ਬੇਰੋਕ ਵੱਧ ਰਹੀ ਮਹਿੰਗਾਈ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਜਲੰਧਰ- ਅੰਮਿ੍ਤਸਰ ਰੋਡ ਕਰਤਾਰਪੁਰ ਦੇ ਮੁੱਖ ਚੌਕ ਪੁੱਲ ਹੇਠਾਂ ਪ੍ਰਦਰਸ਼ਨ ਕੀਤਾ ਗਿਆ।
ਪੱਟੀ(ਬੇਅੰਤ ਸਿੰਘ ਸੰਧੂ): ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਅਤੇ ਰਸੋਈ ਗੈਸ ਤੇ ਪੈਟਰੋਲ ਡੀਜ਼ਲ ਦੀਆ ਕੀਮਤਾਂ ਦੇ ਵਾਧੇ ਖ਼ਿਲਾਫ਼ ਇਲਾਕੇ ਦੇ ਅਕਾਲੀਆ ਤੇ ਕਾਂਗਰਸੀਆਂ ਨੇ ਇੱਕ ਮੰਚ ’ਤੇ ਇਕੱਲੇ ਹੋ ਕੇ ਸੰਯੁਕਤ ਮੋਰਚੇ ਦੇ ਆਗੂ ਕਾਮਰੇਡ ਮਹਾਂਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਾਲੀਵਾਲ(ਪੱਤਰ ਪ੍ਰੇਰਕ): ਕਿਸਾਨਾਂ ਨੇ ਆਪਣੇ ਟਰੈਕਟਰਾਂ ਤੇ ਹੋਰ ਵਾਹਨ ਸਣੇ ਸ਼ਹਿਰ ਧਾਰੀਵਾਲ ਦੇ ਬਾਹਰਵਾਰ ਲੰਘਦੇ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਉਪਰ ੇ ਰੋਸ਼ ਪ੍ਰਦਰਸ਼ਨ ਕੀਤੇ।
ਕਿਰਨ ਬੇਦੀ ਸਮ੍ਰਿਤੀ ਇਰਾਨੀ, ਰਾਮਦੇਵ ਦੀ ਗੰਭੀਰ ਚੁੱਪ ’ਤੇ ਸਵਾਲ ਉਠਾਏ
ਪਠਾਨਕੋਟ(ਐੱਨਪੀ ਧਵਨ): ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਤੇ ਸਥਿਤ ਲਦਪਾਲਵਾਂ ਟੌਲ ਪਲਾਜਾ ਉਪਰ ਸੰਯੁਕਤ ਕਿਸਾਨ ਮੋਰਚਾ ਵਲੋਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਅਗਵਾਈ ਵਿੱਚ ਅੱਜ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਜਸਵੰਤ ਸਿੰਘ ਕੋਠੀ ਪ੍ਰੇਮ ਸਿੰਘ, ਕੇਵਲ ਕਾਲੀਆ, ਗੁਰਨਾਮ ਸਿੰਘ ਛੀਨਾ, ਪਿਸ਼ੌਰਾ ਸਿੰਘ, ਬਾਵਾ ਸਿੰਘ ਆਦਿ ਆਗੂ ਸ਼ਾਮਲ ਹੋਏ। ਆਗੂਆਂ ਨੇ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਦੇ ਰਾਜ ਕਾਲ ਵਿੱਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ, ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਬੇਤਹਾਸ਼ਾ ਵਾਧਾ ਕਰ ਦਿੱਤਾ ਗਿਆ ਹੈ ਪਰ ਹੁਣ ਭਾਜਪਾ ਦੀ ਸਮ੍ਰਿਤੀ ਇਰਾਨੀ ਗੈਸ ਸਿਲੰਡਰ ਚੁੱਕ ਕੇ ਕਿਉਂ ਨਹੀਂ ਪ੍ਰਦਰਸ਼ਨ ਕਰਦੀ। ਇਸੇ ਤਰ੍ਹਾਂ ਮਹਿੰਗਾਈ ਤੇ ਭ੍ਰਿਸ਼ਟਾਚਾਰ ਨਾਲ ਲੜਨ ਦੀ ਦੁਹਾਈ ਦੇਣ ਵਾਲੀ ਕਿਰਨ ਬੇਦੀ ਅਤੇ ਅੰਨਾ ਹਜ਼ਾਰੇ ਵੀ ਕਿਧਰੇ ਦਿਖਾਈ ਨਹੀਂ ਦਿੰਦੇ। ਇਥੇ ਹੀ ਬੱਸ ਨਹੀਂ ਰਾਮਦੇਵ ਵੀ ਹੁਣ ਬੋਲਦਾ ਦਿਖਾਈ ਨਹੀਂ ਦਿੰਦਾ।