ਰਮਨਦੀਪ ਸਿੰਘ
ਚਾਉਕੇ 8 ਜੁਲਾਈ
ਪਿੰਡ ਜਿਉਂਦ ’ਚ ਪਿਛਲੇ ਦਿਨੀਂ ਜ਼ਮੀਨਾਂ ਵਿਵਾਦ ਕਾਰਨ ਹੋਈ ਲੜਾਈ ਦੌਰਾਨ ਕਿਸਾਨ ਆਗੂਆਂ ’ਤੇ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਥਾਣਾ ਸਦਰ ਰਾਮਪੁਰਾ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਦਾ, ਮੋਠਾ ਸਿੰਘ ਕੋਟੜਾ, ਪਰਮਜੀਤ ਕੌਰ ਪਿਥੋ, ਹਰਵਿੰਦਰ ਕੌਰ ਬਿੰਦੂ, ਹਰਪ੍ਰੀਤ ਕੌਰ ਜੇਠੂਕੇ, ਬੂਟਾ ਸਿੰਘ ਬੱਲ੍ਹੋ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਤੇਜਾ ਸਿੰਘ ਨੇ ਕਿਹਾ ਪੁਲਿਸ ਸਿਆਸੀ ਦਖ਼ਲਅੰਦਾਜ਼ੀ ਕਾਰਨ ਹਮਲਾ ਕਰਨ ਵਾਲੇ ਮੈਂਬਰਾਂ ਨੂੰ ਫੜਨ ’ਚ ਦਿਲਚਸਪੀ ਨਹੀਂ ਲੈ ਰਹੀ। ਉਨ੍ਹਾਂ ਕਿਹਾ ਕਿ ਸਿਤਮਜਰੀਫੀ ਤਾਂ ਇਹ ਹੈ ਕਿ ਗੋਲੀਆਂ ਨਾਲ ਫੱਟੜ ਹੋਏ ਕਿਸਾਨਾਂ ਉਪਰ ਵੀ ਧਾਰਾ 307 ਦੇ ਝੂਠੇ ਕੇਸ ਮੜ੍ਹ ਕੇ ਕਾਤਲਾਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਬੁਲਾਰਿਆਂ ਨੇ ਪੁਲੀਸ ਨੂੰ ਸਾਫ਼ ਸ਼ਬਦਾਂ ’ਚ ਚਿਤਾਵਨੀ ਦਿੱਤਾ ਕਿ ਇਹ ਜ਼ਮੀਨਾਂ ਕਿਸਾਨਾਂ ਨੇ ਪਿਛਲੇ 80 ਸਾਲਾਂ ਤੋਂ ਸਖ਼ਤ ਮਿਹਨਤ ਮਸ਼ੱਕਤ ਕਰਕੇ ਵਾਹਿਯੋਗ ਬਣਾਈਆਂ ਹਨ, ਜੇ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਪੁਲੀਸ ਤੇ ਸਿਆਸੀ ਦਖ਼ਲ ਦੇਣ ਵਾਲੇ ਆਗੂਆਂ ਵਿਰੁੱਧ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਥਾਣਾ ਸਦਰ ਮੁਖੀ ਨੇ ਕਿਹਾ ਕਿ ਜ਼ਮੀਨੀ ਵਿਵਾਦ ਦੀ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਪੜਤਾਲ ਦੇ ਆਧਾਰ ’ਤੇ ਛੇਤੀ ਹੀ ਗ੍ਰਿਫਤਾਰੀਆਂ ਕੀਤੀਆਂ ਜਾਣਗਈਆਂ।