ਪੱਤਰ ਪ੍ਰੇਰਕ
ਤਰਨ ਤਰਨ, 8 ਜੁਲਾਈ
ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖਿਲਾਫ਼ ਸੂਬਾ ਸਰਕਾਰ ਦੇ ਮੁਲਾਜਮਾਂ ਦਾ ਗੁੱਸਾ ਚਾਰ ਚੁਫੇਰੇ ਲਾਵਾ ਬਣ ਕੇ ਫੁੱਟ ਰਿਹਾ ਹੈ| ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਸੱਦੇ ਤੇ ਅੱਜ ਜਿਲ੍ਹੇ ਅੰਦਰ ਪੰਜਾਬ ਤੇ ਯੂਟੀ ਮੁਲਾਜ਼ਮ-ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ਤੇ ਦੋ-ਰੋਜ਼ਾ ‘ਪੈੱਨ ਡਾਊਨ ,ਟੂਲ ਡਾਊਨ’ ਦੇ ਸੱਦੇ ਦੇ ਪਹਿਲੇ ਦਿਨ ਵੱਖ ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਸੇਵਾ ਮੁਕਤ ਕਰਮਚਾਰੀਆਂ ਰੋਸ ਵਿਖਾਵੇ ਕੀਤੇ| ਸਿੱਖਿਆ, ਸਥਾਨਕ ਸਰਕਾਰਾਂ, ਸਿਹਤ , ਰੋਡਵੇਜ, ਪਾਵਰਕਾਮ ਆਦਿ ਦੇ ਮੁਲਾਜ਼ਮਾਂ ਵਲੱੋਂ ਅੱਜ ਇਥੇ ਇਕ ਰੈਲੀ ਕਰਕੇ ਸਰਕਾਰ ਨੂੰ ਤਨਖਾਹ ਕਮਿਸ਼ਨ ਵਿਚਲੀਆਂ ਮੁਲਾਜ਼ਮਾ ਵਿਰੋਧੀ ਸਿਫ਼ਾਰਿਸ਼ਾਂ ਰੱਦ ਕੀਤੇ ਜਾਣ ਦੀ ਮੰਗ ਕੀਤੀ|
ਮਜੀਠਾ (ਪੱਤਰ ਪ੍ਰੇਰਕ): ਬਿਜਲੀ ਦਫਤਰ ਕੰਪਲੈਕਸ ਮਜੀਠਾ ਵਿੱਚ ਪਾਵਰਕੌਮ ਲਿਮਟਿੱਡ ਸਬ ਅਰਬਨ ਮੰਡਲ ਅੰਮ੍ਰਿਤਸਰ ਦੀ ਸੂਬਾ ਕਮੇਟੀ ਦੇ ਫੈਸਲੇ ਤੇ ਮੁਲਾਜ਼ਮ ਅਤੇ ਪੈਨਸ਼ਨਰ ਤਾਲਮੇਟ ਸ਼ੰਘਰਸ਼ ਕਮੇਟੀ ਵੱਲੋਂ ਗੇਟ ਰੈਲੀ ਕੀਤੀ ਗਈ।
ਫਗਵਾੜਾ (ਪੱਤਰ ਪ੍ਰੇਰਕ): ਡੈਮੋਕਰੇਟਿਕ ਮੁਲਾਜ਼ਮ ਫ਼ੈਡਰੇਸ਼ਨ ਵਲੋਂ ਪੰਜਾਬ ਯੂ.ਟੀ ਮੁਲਾਜਮ ਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ’ਤੇ 8 ਤੇ 9 ਜੁਲਾਈ ਨੂੰ ਕੀਤੀ ਜਾ ਰਹੀ ਹੜਤਾਲ ਦੇ ਫ਼ੈਸਲੇ ਅਨੁਸਾਰ ਫਗਵਾੜਾ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਵਲੋਂ ਆਪਣੇ ਕੰਮਾਂ ਦਾ ਬਾਈਕਾਟ ਕਰਨ ਉਪਰੰਤ ਨਗਰ ਨਿਗਮ ਪਾਰਕ ’ਚ ਇਕੱਠੇ ਹੋ ਕੇ ਰੋਸ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦਾ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ। ਰੈਲੀ ਨੂੰ ਡੈਮੋਕਰੇਟਿਕ ਮੁਲਾਜ਼ਮ ਫ਼ੈਡਰੇਸ਼ਨ ਦੇ ਗੁਰਮੁੱਖ ਸਿੰਘ, ਕੁਲਵਿੰਦਰ ਕੌਰ, ਪੁਸ਼ਪਿੰਦਰ ਕੌਰ ਨੇ ਸੰਬੋਧਨ ਕੀਤਾ।
ਗੁਰਦਾਸਪੁਰ (ਪੱਤਰ ਪ੍ਰੇਰਕ): ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਦੀਆਂ ਖਾਮੀਆਂ ਦੂਰ ਕਰਨ ਦੀ ਮੰਗ ਨੂੰ ਲੈ ਕੇ ਸਥਾਨਕ ਆਈਟੀਆਈ ਮੁਲਾਜ਼ਮਾਂ ਨੇ ਗੇਟ ਰੈਲੀ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਰਈਆ (ਪੱਤਰ ਪ੍ਰੇਰਕ): ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫ਼ਰੰਟ ਦੇ ਸੱਦੇ ’ਤੇ 8-9 ਜੁਲਾਈ ਨੂੰ ਪੰਜਾਬ ਅੰਦਰ ਕਲਮ ਛੋੜ ਟੂਲ ਛੋੜ ਹੜਤਾਲ ਦੇ ਪਹਿਲੇ ਦਿਨ ਇਸ ਵਿੱਚ ਸ਼ਮੂਲੀਅਤ ਕਰਨ ਉਪਰੰਤ ਤਹਿਸੀਲ ਬਾਬਾ ਬਕਾਲਾ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਅੱਜ ਰੈਸਟ ਹਾਊਸ ਰਈਆ ਵਿੱਚ ਰੈਲੀ ਕੀਤੀ ਅਤੇ ਰਈਆ ਜੀਟੀ ਰੋਡ ‘ਤੇ ਪੰਜਾਬ ਸਰਕਾਰ ਦੀ ਅਰਥੀ ਸਾੜੀ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਦੇ ਬਾਹਰ ਫ਼ਰੰਟ ਦੇ ਜ਼ਿਲ੍ਹਾ ਕਨਵੀਨਰ ਕੁਲਵਰਨ ਸਿੰਘ, ਉਂਕਾਰ ਸਿੰਘ, ਨਿਤਿਨ ਮਹਿਰਾ ਅਤੇ ਸੁਨੀਲ ਸ਼ਰਮਾ ਦੀ ਅਗਵਾਈ ਹੇਠ ਤਹਿਸੀਲ ਪੱਧਰੀ ਰੋਸ ਰੈਲੀ ਕੀਤੀ ਗਈ ਅਤੇ ਤਨਖਾਹ ਕਮਿਸ਼ਨ ਦੀਆਂ ਕਾਪੀਆਂ ਫ਼ੂਕ ਕੇ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਸਬੰਧਤ ਦਫ਼ਤਰਾਂ ਬਾਹਰ ਰੋਸ ਪ੍ਰਦਰਸ਼ਨ ਕੀਤੇ ਜਿਸ ਉਪਰੰਤ ਸਾਰੇ ਮੁਲਾਜ਼ਮ ਤਹਿਸੀਲ ਪੱਧਰੀ ਰੈਲੀ ’ਚ ਸ਼ਾਮਲ ਹੋਏ। ਇਸ ਮੌਕੇ ਬੋਲਦਿਆਂ ਫ਼ਰੰਟ ਦੇ ਸੂਬਾ ਕਨਵੀਨਰ ਸਤੀਸ਼ ਰਾਣਾ ਨੇ ਕਿਹਾ ਕਿ ਫ਼ਰੰਟ ਵਲੋਂ 9 ਜੁਲਾਈ ਨੂੰ ਜ਼ਿਲ੍ਹਾ ਕੇਂਦਰਾਂ ਤੇ ਬਸ ਅੱਡਿਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 13 ਜੁਲਾਈ ਨੂੰ ਲੁਧਿਆਣਾ ਵਿਖੇ ਮੀਟਿੰਗ ਬੁਲਾਈ ਗਈ ਹੈ ਜਿਸ ਵਿਚ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।
ਜਲ ਸਰੋਤ ਮੁਲਾਜ਼ਮਾਂ ਵੱਲੋਂ ਬੱਸ ਸਟੈਂਡਾਂ ਦਾ ਘਿਰਾਓ ਅੱਜ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਦਫ਼ਤਰੀ ਤੇ ਫ਼ੀਲਡ ਮੁਲਾਜ਼ਮਾਂ ਵਲੋਂ ਮੁਕੰਮਲ ਕੰਮ ਠੱਪ ਰੱਖਿਆ ਗਿਆ। ਜਲ ਸਰੋਤ ਮੁਲਾਜ਼ਮਾਂ ਅਤੇ ਮੁੱਖ ਦਫ਼ਤਰ ਤੇ ਫ਼ੀਲਡ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਦਫ਼ਤਰਾਂ ਦਾ ਕੰਮਕਾਜ ਅਤੇ ਸਰਕਾਰੀ ਡਰਾਈਵਰਾਂ ਨੇ ਗੱਡੀਆਂ ਦਾ ਚੱਕਾ ਜਾਮ ਰੱਖ ਕੇ ਰੋਸ ਪ੍ਰਗਟਾਇਆ। ਪੰਜਾਬ ਜਲ ਸਰੋਤ ਐਂਪਲਾਈਜ਼ ਯੂਨੀਅਨ (ਟੇਵੂ) ਦੇ ਸੂਬਾ ਚੇਅਰਮੈਨ ਸੁਰਿੰਦਰ ਕੁਮਾਰ, ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਨਵਜੋਤ ਪਾਲ ਸਿੰਘ ਅਤੇ ਵਿੱਤ ਸਕੱਤਰ ਅਮਿਤ ਕਟੋਚ ਨੇ ਐਲਾਨ ਕੀਤਾ ਕਿ 9 ਜੁਲਾਈ ਨੂੰ ਹੜਤਾਲ ਕਰਕੇ ਜ਼ਿਲ੍ਹਾ ਕੇਂਦਰਾਂ ’ਤੇ ਕੀਤੇ ਜਾ ਰਹੇ ਸੰਘਰਸ਼ਾਂ ਵਿਚ ਸ਼ਾਮਲ ਹੋ ਕੇ ਬੱਸ ਸਟੈਂਡਾਂ ਦਾ ਘਿਰਾਓ ਕੀਤਾ ਜਾਵੇਗਾ।