ਪੱਤਰ ਪ੍ਰੇਰਕ
ਪਠਾਨਕੋਟ, 8 ਜੁਲਾਈ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ, ਪੰਜਾਬ ਸਿਹਤ ਵਿਭਾਗ ਕਲੈਰੀਕਲ ਐਸੋਸੀਏਸ਼ਨ, ਕਲਾਸ ਫੋਰ ਯੂਨੀਅਨ, ਨਰਸਿੰਗ ਐਸੋਸੀਏਸ਼ਨ, ਬਲੱਡ ਬੈਂਕ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਅਤੇ ਫਾਰਮਾਸਿਸਟ ਯੂਨੀਅਨ ਵਲੋਂ ਪੰਜਾਬ ਸਰਕਾਰ ਰਾਹੀਂ ਅਧੂਰੇ ਲਾਗੂ ਕੀਤੇ ਗਏ ਛੇਵੇਂ ਤਨਖਾਹ ਕਮਿਸ਼ਨ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਦੇ ਵਿਰੋਧ ਵਿੱਚ ਚੱਲ ਰਹੀ ਹੜਤਾਲ ਨੂੰ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਅੱਜ ਸਮਰਥਨ ਦੇ ਦੇਣ ਨਾਲ ਹੋਰ ਬਲ ਮਿਲ ਗਿਆ। ਕਾਹਨੂੰਵਾਨ (ਪੱਤਰ ਪ੍ਰੇਰਕ): ਕਮਿਊਨਟੀ ਹੈਲਥ ਸੈਂਟਰ ਕਾਹਨੂੰਵਾਨ ਅਧੀਨ ਕੰਮ ਕਰਦੇ ਸਮੂਹ ਸਿਹਤ ਕਰਮੀ ਵੱਲੋਂ ਪੰਜਾਬ ਹੈਲਥ ਯੂਨੀਅਨ ਦੇ ਸੱਦੇ ਉੱਤੇ ਅੱਜ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਮੁਕੰਮਲ ਕਲਮ ਛੋੜ ਹੜਤਾਲ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਰੋਸ ਦੌਰਾਨ ਸਿਹਤ ਕਰਮਚਾਰੀਆਂ ਨੇ ਧਰਨੇ ’ਤੇ ਬੈਠ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੁਰਿੰਦਰ ਕੁਮਾਰ ਫਾਰਮੇਸੀ ਅਫ਼ਸਰ ਨੇ ਦੱਸਿਆ ਕਿ ਨਵੇਂ ਪੇਅ -ਕਮਿਸ਼ਨ ਨੇ ਆਪਣੀ ਰਿਪੋਰਟ ਪੇਸ਼ ਕਰਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ।
ਦਸੂਹਾ (ਪੱਤਰ ਪ੍ਰੇਰਕ): ਇਥੇ ਪੰਜਾਬ ਸਰਕਾਰ ਦੇ 6ਵੇਂ ਪੇਅ ਕਮਿਸ਼ਨ ਦੇ ਵਿਰੋਧ ਵਿੱਚ ਸਮੁੱਚੇ ਕਾਰਸ਼ੀਲ ਅਤੇ ਸੇਵਾਮੁਕਤ ਮੈਡੀਕਲ ਅਮਲੇ ਵੱਲੋਂ ਦੋ ਰੋਜ਼ਾ ਕਲਮ ਛੋੜ ਹੜਤਾਲ ਕੀਤੀ ਗਈ। ਇਸ ਸਬੰਧੀ ਮੈਡੀਕਲ ਅਮਲੇ ਵੱਲੋਂ ਹੜਤਾਲ ਦਾ ਪੱਤਰ ਐੱਸਐੱਮਓ ਡਾ. ਦਵਿੰਦਰ ਪੁਰੀ ਨੂੰ ਸੌਂਪਿਆ ਗਿਆ।
ਅੰਮ੍ਰਿਤਸਰ(ਪੱਤਰ ਪ੍ਰੇਰਕ): ਈਐਸਆਈ ਐਂਪਲਾਈਜ਼ ਫੈਡਰੇਸ਼ਨ ਵਲੋਂ ਸੰਸਥਾ ਦਾ ਕੰਮ ਮੁਕੰਮਲ ਬੰਦ ਕਰਕੇ ਹਸਪਤਾਲ ਦੇ ਸਮੂਹ ਮੁਲਾਜ਼ਮਾਂ ਨੇ ਧਰਨਾ ਦਿੱਤਾ। ਇਸ ਵਿਚ ਹਸਪਤਾਲ ਦੇ ਡਾਕਟਰਾਂ ਨੇ ਵੀ ਸ਼ਮੂਲੀਅਤ ਕੀਤੀ। ਸੰਬੋਧਨ ਕਰਦਿਆਂ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਹੜਤਾਲ ਕਾਰਨ ਮਰੀਜ਼ਾਂ ਨੂੰ ਹੋਈ ਪ੍ਰੇਸ਼ਾਨੀ ਦਾ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਪਰ ਸਰਕਾਰ ਦੇ ਮੁਲਾਜ਼ਮ ਵਿਰੋਧੀ ਤੇ ਅੜੀਅਲ ਵਤੀਰੇ ਨੇ ਸੜਕਾਂ ’ਤੇ ਆਉਣ ਲਈ ਮਜਬੂਰ ਕੀਤਾ।
ਧਾਰੀਵਾਲ (ਪੱਤਰ ਪ੍ਰੇਰਕ): ਅੱਜ ਈਐੱਸਆਈ ਡਿਸਪੈਂਸਰੀ ਧਾਰੀਵਾਲ ਵਿੱਚ ਪੰਜਾਬ ਰਾਜ ਫਾਰਮੇਸ਼ੀ ਅਫਸਰ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸਤਨਾਮ ਸਿੰਘ ਕੰਗ ਤੇ ਜਨਰਲ ਸਕੱਤਰ ਸਰਬਰਿੰਦਰ ਸਿੰਘ ਚਾਹਲ ਅਗਵਾਈ ਹੇਠ ਸਮੂਹ ਸਟਾਫ, ਸੀਐੱਚਸੀ ਧਾਰੀਵਾਲ, ਸੀਐੱਚਸੀ ਕੋਟ ਸੰਤੋਖ ਰਾਏ ਅਤੇ ਸੀਐੱਚਸੀ ਨੌਸ਼ਹਿਰਾ ਮੱਝਾ ਸਿੰਘ ਵਿੱਚ ਫਾਰਮੇਸੀ ਅਫਸਰਾਂ ਸਣੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ ਵਲੋਂ ਮੁਕੰਮਲ ਤੌਰ ’ਤੇ ਹੜਤਾਲ ਕਰਕੇ ਸੇਵਾਵਾਂ ਠੱਪ ਰੱਖੀਆਂ।