ਸ਼ਿਮਲਾ: ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਇੱਥੇ ਤੜਕੇ ਦੇਹਾਂਤ ਹੋ ਗਿਆ। ਉਹ 87 ਵਰ੍ਹਿਆਂ ਦੇ ਸਨ। ਉੱਘੇ ਆਗੂ ਨੇ ਇੱਥੋਂ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਵਿਚ ਤੜਕੇ 3.40 ਵਜੇ ਆਖ਼ਰੀ ਸਾਹ ਲਏ। ਇਹ ਜਾਣਕਾਰੀ ਸੀਨੀਅਰ ਸੁਪਰਡੈਂਟ ਡਾ. ਜਨਕ ਰਾਜ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੂੰ ਸੋਮਵਾਰ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਦੀ ਹਾਲਤ ਉਦੋਂ ਤੋਂ ਹੀ ਗੰਭੀਰ ਸੀ। ਬੁੱਧਵਾਰ ਨੂੰ ਸਾਹ ਵਿਚ ਤਕਲੀਫ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਨੌਂ ਵਾਰ ਵਿਧਾਇਕ ਤੇ ਪੰਜ ਵਾਰ ਸੰਸਦ ਮੈਂਬਰ ਰਹੇ ਵੀਰਭੱਦਰ ਸਿੰਘ ਆਪਣੇ ਪਿੱਛੇ ਪਤਨੀ ਪ੍ਰਤਿਭਾ ਸਿੰਘ ਅਤੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੂੰ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਸਾਬਕਾ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਦੇ ਪੁੱਤਰ ਸ਼ਿਮਲਾ ਦਿਹਾਤੀ ਤੋਂ ਵਿਧਾਇਕ ਹਨ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੇ ਸਨਮਾਨ ਵਿਚ ਤਿੰਨ ਦਿਨਾਂ ਦੇ ਰਾਜ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ 8 ਤੋਂ 10 ਜੁਲਾਈ ਤੱਕ ਕੋਈ ਸਰਕਾਰੀ ਸਮਾਗਮ ਨਹੀਂ ਕੀਤਾ ਜਾਵੇਗਾ। ਸ੍ਰੀ ਵੀਰਭੱਦਰ ਸਿੰਘ 11 ਜੂਨ ਨੂੰ ਦੋ ਮਹੀਨਿਆਂ ਅੰਦਰ ਦੂਜੀ ਵਾਰ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਇਸ ਤੋਂ ਪਹਿਲਾਂ ਉਹ 12 ਅਪਰੈਲ ਨੂੰ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਸਨ। ਪਹਿਲੀ ਵਾਰ ਲਾਗ ਤੋਂ ਠੀਕ ਹੋਣ ਮਗਰੋਂ ਉਹ ਚੰਡੀਗੜ੍ਹ ਤੋਂ ਇਲਾਜ ਕਰਵਾ ਕੇ 30 ਅਪਰੈਲ ਨੂੰ ਹੀ ਇੱਥੇ ਸਥਿਤ ਆਪਣੇ ਘਰ ਹੋਲੀ ਲੌਜ ਪਰਤੇ ਸਨ। ਹਾਲਾਂਕਿ ਘਰ ਪਹੁੰਚਣ ਤੋਂ ਕੁਝ ਹੀ ਘੰਟਿਆਂ ਬਾਅਦ ਦਿਲ ਤੇ ਸਾਹ ਸਬੰਧੀ ਦਿੱਕਤ ਕਾਰਨ ਉਨ੍ਹਾਂ ਨੂੰ ਆਈਜੀਐੱਮਸੀ ਵਿਚ ਦਾਖ਼ਲ ਕੀਤਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਹਸਪਤਾਲ ਵਿਚ ਭਰਤੀ ਸਨ। ਦੇਹਾਂਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਦੀ ਮ੍ਰਿਤਕ ਦੇਹ ਨੂੰ ਸ਼ਿਮਲਾ ਦੇ ਲੋਅਰ ਜਾਖੂ ਖੇਤਰ ਵਿਚ ਸਥਿਤ ਉਨ੍ਹਾਂ ਦੇ ਘਰ ਹੋਲੀ ਲੌਜ ਵਿਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ, ਜਿੱਥੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਸਣੇ ਕਈ ਸਿਆਸੀ ਆਗੂਆਂ ਤੇ ਵੱਡੀ ਗਿਣਤੀ ਸਮਰਥਕਾਂ ਨੇ ਸ਼ਰਧਾਂਜਲੀ ਭੇਟ ਕੀਤੀ। ਵੀਰਭੱਦਰ ਸਿੰਘ ਦਾ ਅੰਤਿਮ ਸੰਸਕਾਰ ਰਾਮਪੁਰ ਵਿਚ 10 ਜੁਲਾਈ ਨੂੰ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਵੀਰਭੱਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ 11.30 ਵਜੇ ਤੱਕ ਜਨਤਾ ਰਿੱਜ ਮੈਦਾਨ ਵਿਚ ਰੱਖਿਆ ਜਾਵੇਗਾ। -ਪੀਟੀਆਈ
ਕੋਵਿੰਦ, ਮੋਦੀ ਤੇ ਸੋਨੀਆ ਸਣੇ ਵੱਖ-ਵੱਖ ਆਗੂਆਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਵੀਂ ਦਿੱਲੀ/ਸ਼ਿਮਲਾ: ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮਨਮੋਹਨ ਸਿੰਘ, ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਜੇ.ਪੀ. ਨੱਢਾ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਬੰਦਾਰੂ ਦੱਤਾਤ੍ਰੇਆ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਸੁਖਬੀਰ ਸਿੰਘ ਬਾਦਲ ਅਤੇ ਦਲਾਈ ਲਾਮਾ ਸਣੇ ਹੋਰਾਂ ਨੇ ਵੀਰਭੱਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ