ਇਕਬਾਲ ਸਿੰਘ ਸ਼ਾਂਤ
ਲੰਬੀ, 8 ਜੁਲਾਈ
ਲੰਬੀ ਦੇ ਤੱਪਾਖੇੜਾ ਵਿੱਚ 13 ਸਾਲਾ ਲੜਕੇ ਲਖਵਿੰਦਰ ਸਿੰਘ ਦੀ ਚਿੱਟੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਲਖਵਿੰਦਰ ਪਿਛਲੇ ਕੁਝ ਸਮੇਂ ਤੋਂ ਨਸ਼ਾ ਕਰਨ ਵਾਲੇ ਆਪਣੇ ਤੋਂ ਵੱਡੀ ਉਮਰ ਦੇ ਨੌਜਵਾਨਾਂ ਦੇ ਸੰਪਰਕ ਵਿੱਚ ਸੀ। ਅੱਜ ਨਸ਼ੇ ਦੀ ਓਵਰ ਡੋਜ਼ ਕਾਰਨ ਹਾਲਤ ਵਿਗੜਨ ’ਤੇ ਲਖਵਿੰਦਰ ਨੂੰ ਉਸ ਦੇ ਨਸ਼ੇੜੀ ਸਾਥੀ ਘਰ ਦੇ ਬੂਹੇ ਅੱਗੇ ਗਲੀ ’ਚ ਸੁੱਟ ਕੇ ਤੁਰ ਗਏ। ਜਦੋਂ ਤੱਕ ਗਲੀ ਵਾਲਿਆਂ ਨੇ ਉਸ ਨੂੰ ਸੰਭਾਲਿਆ, ਉਸ ਦੀ ਮੌਤ ਹੋ ਚੁੱੱਕੀ ਸੀ।
ਜਾਣਕਾਰੀ ਅਨੁਸਾਰ ਲਖਵਿੰਦਰ ਦੇ ਪਿਤਾ ਰਣਜੀਤ ਸਿੰਘ ਦੀ ਕਰੀਬ ਸੱਤ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਮਾਂ, ਵੱਡੀ ਭੈਣ ਅਤੇ ਛੋਟੇ ਭਰਾ ਨਾਲ ਨਾਨਕੇ ਪਿੰਡ ਤੱਪਾਖੇੜਾ ’ਚ ਰਹਿੰਦਾ ਸੀ। ਉਸ ਦੀ ਵਿਧਵਾ ਮਾਂ ਪਰਮਜੀਤ ਕੌਰ ਮਜ਼ਦੂਰੀ ਕਰ ਕੇ ਬੱਚਿਆਂ ਨੂੰ ਪਾਲਦੀ ਹੈ। ਪਿੰਡ ਵਾਸੀਆਂ ਤੇ ਸਰਪੰਚ ਸੁਖਮੰਦਰ ਸਿੰਘ ਅਨੁਸਾਰ ਸਕੂਲ ਨੇੜੇ ਸ਼ਮਸ਼ਾਨਘਾਟ ’ਚ ਨਸ਼ੇੜੀਆਂ ਦੀਆਂ ਮਹਿਫ਼ਲਾਂ ਸਜਦੀਆਂ ਹਨ ਤੇ ਪਿੰਡ ਵਿੱਚ ਖੁੱਲ੍ਹੇਆਮ ਚਿੱਟਾ ਵਿਕਦਾ ਹੈ। ਲੰਬੀ ਥਾਣੇ ਦੇ ਮੁਖੀ ਚੰਦਰਸ਼ੇਖਰ ਨੇ ਕਿਹਾ ਕਿ ਬੀਤੇ ਦਿਨ ਹੀ ਤੱਪਾਖੇੜਾ ’ਚ 80-90 ਮੁਲਾਜ਼ਮਾਂ ਨਾਲ ਘਰਾਂ ’ਚ ਛਾਪਾ ਮਾਰਿਆ ਗਿਆ ਸੀ। 13 ਸਾਲਾ ਲੜਕੇ ਦੀ ਮੌਤ ਦੀ ਪੁਲੀਸ ਨੂੰ ਕੋਈ ਸੂਚਨਾ ਨਹੀਂ ਮਿਲੀ।