ਪੱਤਰ ਪ੍ਰੇਰਕ
ਫਰੀਦਾਬਾਦ, 9 ਜੁਲਾਈ
ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਅੱਜ ਹਰਿਆਣਾ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਮੰਗ ਕਰਦਿਆਂ ਰਾਜ ਦੇ ਸਾਰੇ 90 ਵਿਧਾਨ ਸਭਾ ਹਲਕਿਆਂ ਵਿੱਚ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਨੌਜਵਾਨਾਂ ਨੇ ਸਰਕਾਰ ਨੂੰ ਜਗਾਉਣ ਲਈ ਅੱਧੇ ਨੰਗੇ ਹੋ ਕੇ ਵਿਰੋਧ ਜਤਾਇਆ ਤੇ ਫਰੀਦਾਬਾਦ ਵਿੱਚ ਬੇਰੁਜ਼ਗਾਰਾਂ ਨੇ ਕੇਂਦਰ ਸਰਕਾਰ ਦਾ ਪੁੱਤਲਾ ਫੂਕਿਆ।
ਆਮ ਆਦਮੀ ਪਾਰਟੀ ਦੇ ਸਹਿ ਇੰਚਾਰਜ ਅਤੇ ਸੰਸਦ ਮੈਂਬਰ ਡਾ: ਸੁਸ਼ੀਲ ਗੁਪਤਾ ਨੇ ਕਿਹਾ ਕਿ ਅੱਜ ਰਾਜ ਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਫੈਸਲਿਆਂ ਕਾਰਨ ਬੇਰੁਜ਼ਗਾਰੀ ਬਹੁਤ ਜ਼ਿਆਦਾ ਵਧੀ ਹੈ। ਮਹਿੰਗਾਈ ਪਹਿਲਾਂ ਹੀ ਆਪਣੇ ਸਿਖਰ ‘ਤੇ ਸੀ ਤੇ ਅੱਜ ਇਸ ਵੱਧ ਰਹੀ ਬੇਰੁਜ਼ਗਾਰੀ ਨੇ ਅੱਗ ਨੂੰ ਤੇਲ ਵਧਾ ਦਿੱਤਾ ਹੈ। ਲੋਕਾਂ ਕੋਲ ਖਾਣ ਲਈ ਪੈਸੇ ਵੀ ਨਹੀਂ ਹਨ ਅਤੇ ਸਰਕਾਰ ਮਹਿੰਗਾਈ ਵਧਾ ਕੇ ਲੋਕਾਂ ਦੀ ਕਮਰ ਤੋੜਨ ਦਾ ਕੰਮ ਕਰ ਰਹੀ ਹੈ। ਬੇਰੁਜ਼ਗਾਰੀ ਕਾਰਨ ਰਾਜ ਦੇ ਨੌਜਵਾਨ ਸੜਕਾਂ ਤੇ ਉਤਰਨ ਲਈ ਮਜਬੂਰ ਹੋਏ ਹਨ। ਡਾ. ਗੁਪਤਾ ਨੇ ਦੱਸਿਆ ਕਿ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਨੇ ਨੌਕਰੀਆਂ ਦੀ ਰਜਿਸਟਰੀ ਕਰਨ ਦੇ ਨਾਮ ’ਤੇ ਬੇਰੁਜ਼ਗਾਰ ਨੌਜਵਾਨਾਂ ਤੋਂ 500 ਰੁਪਏ ਫੀਸ ਰੱਖੀ ਹੈ। ਅਜਿਹੀ ਸਥਿਤੀ ਵਿੱਚ, ਗਰੀਬ ਬੇਰੁਜ਼ਗਾਰਾਂ ਨੂੰ 500 ਰੁਪਏ ਕਿੱਥੋਂ ਮਿਲਣਗੇ ਤੇ ਜਮ੍ਹਾਂ ਕਰਵਾਉਣਗੇ। ਇਸ ਵਨ-ਟਾਈਮ ਰਜਿਸਟ੍ਰੇਸ਼ਨ ਦੇ ਨਾਮ ’ਤੇ ਸਰਕਾਰ ਨੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਉਹ ਵੀ ਜਦੋਂ ਆਮ ਆਦਮੀ ਦੋ ਵਾਰੀ ਰੋਟੀ ਖਾਣ ਲਈ ਸੰਘਰਸ਼ ਕਰ ਰਿਹਾ ਹੈ। ਪਾਰਟੀ ਦੇ ਯੂਥ ਵਿੰਗ ਨੇ ਬੇਰੁਜ਼ਗਾਰੀ ਨੂੰ ਲੈ ਕੇ ਹਰਿਆਣਾ ਸਰਕਾਰ ਖ਼ਿਲਾਫ਼ ਅਰਧ ਨੰਗੇ ਪ੍ਰਦਰਸ਼ਨ ਦੇ ਨਾਲ ਕੇਂਦਰ ਸਰਕਾਰ ਦਾ ਪੁਤਲਾ ਵੀ ਸਾੜਿਆ।