ਮਨਦੀਪ ਸਿੰਘ ਸਿੱਧੂ
ਮਾਰੂਫ਼ ਪੰਜਾਬੀ ਹਿਦਾਇਤਕਾਰ ਸ਼ੰਕਰ ਮਹਿਤਾ ਦੀ ਪੈਦਾਇਸ਼ 1910 ਨੂੰ ਸਾਂਝੇ ਪੰਜਾਬ ਦੀ ਰਾਜਧਾਨੀ ਲਾਹੌਰ ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਬਤਿਦਾਈ ਤਾਲੀਮ ਲਾਹੌਰ ਤੋਂ ਹੀ ਪ੍ਰਾਪਤ ਕੀਤੀ ਅਤੇ ਫਿਰ ਇਨ੍ਹਾਂ ਦੀ ਦਿਲਚਸਪੀ ਫ਼ਿਲਮਾਂ ਵੱਲ ਹੋ ਗਈ।
ਜਦੋਂ ਫ਼ਿਲਮਸਾਜ਼ ਠਾਕੁਰ ਰਾਜਿੰਦਰ ਸਿੰਘ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨੌਰਦਰਨ ਇੰਡੀਆ ਸਟੂਡੀਓਜ਼ ਲਿਮਟਿਡ, ਲਾਹੌਰ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਮੇਰਾ ਮਾਹੀ’ (1941) ਸ਼ੁਰੂ ਕੀਤੀ ਤਾਂ ਇਸ ਵਿਚ ਉਨ੍ਹਾਂ ਨੇ ਨਵੇਂ ਹਿਦਾਇਤਕਾਰ ਵਜੋਂ ਸ਼ੰਕਰ ਮਹਿਤਾ ਨੂੰ ਪੇਸ਼ ਕੀਤਾ। ਕਹਾਣੀ ਐੱਮ. ਆਰ. ਕਪੂਰ ਤੇ ਬੀ. ਆਰ. ਚੋਪੜਾ (ਐੱਮ. ਏ.) ਨੇ ਤਹਿਰੀਰ ਕੀਤੀ। ਮੁਕਾਲਮੇ ਐੱਮ. ਆਰ. ਸੇਰੇਵਰੀ, ਗੀਤ ਬੀ. ਸੀ. ਬੇਕਲ ‘ਅੰਮ੍ਰਿਤਸਰੀ’ ਅਤੇ ਸੰਗੀਤ ਅਮੀਰ ਅਲੀ ਨੇ ਮੁਰੱਤਿਬ ਕੀਤਾ। ਫ਼ਿਲਮ ਦੀ ਤਸਵੀਰਕਸ਼ੀ ਹਰਚਰਨ ਸਿੰਘ ਕਵਾਤੜਾ ਨੇ ਕੀਤੀ। ਫ਼ਿਲਮ ’ਚ ਸ਼ੰਕਰ ਮਹਿਤਾ ਨੇ ਆਪਣੀ ਹਿਦਾਇਤ ਵਿਚ ਕਰਨ ਦੀਵਾਨ ਬੀ. ਏ. (ਯਸ਼), ਰਾਗਿਨੀ (ਮਾਇਆ), ਮਨੋਰਮਾ (ਕਮਲਾ ਵੇਸ਼ਵਾ), ਬੇਗ (ਸਰਦਾਰੀ), ਜ਼ਹੀਰ (ਗਿਰਧਾਰੀ), ਸੁੰਦਰ ਸਿੰਘ (ਮਾਮਾ), ਮਨੋਹਰ (ਸ਼ਾਮ), ਗ਼ੁਲਾਮ ਕਾਦਰ (ਮਲਾਹ) ਆਦਿ ਤੋਂ ਸ਼ਾਨਦਾਰ ਕਿਰਦਾਰਨਿਗਾਰੀ ਕਰਵਾਈ। ਫ਼ਿਲਮ ਦੇ ਮਸ਼ਹੂਰ ਜ਼ਮਾਨਾ ਗੀਤ ‘ਪਿਆ ਹਰ ਇਕ ਫੁੱਲ ਹੱਸਦਾ-ਦਿਲ ਵਿਚ ਮਾਹੀਆ ਵੱਸੇ-ਮਾਹੀਏ ਵਿਚ ਰੱਬ ਵੱਸਦਾ’ (ਬਾਲੋ, ਕਰਨ ਦੀਵਾਨ), ‘ਮੈਂ ਆਖਦਾ ਸਾਂ ਜਦੋਂ ਯਾਰ ਮਿਲੇ ਸੀ’, ‘ਉੱਡਦੇ ਪੰਛੀ ਪਿੰਜਰੇ ਪਾਏ’ (ਕਰਨ ਦੀਵਾਨ), ‘ਛੱਡ ਮੇਰੀ ਵੀਹਣੀ ਨਾ ਮਰੋੜ ਭਲਕੇ ਟੁਰਨਾ ਓਏ ਮਾਹੀਆ’, ‘ਪਿੱਪਲਾਂ ਨਾਲ ਪੀਂਘਾਂ ਪਾ ਕੇ ਚੰਨ ਵੇ-ਚੱਲ ਰਲ-ਮਿਲ ਲਈਏ ਹੁਲਾਰੇ’, ‘ਪੀ ਲੈ…ਮੈਂ ਅਰਜ਼ਾਂ ਮੈਂ ਮਿੰਨਤਾਂ ਕਰ ਕਰ ਥੱਕ ਗਈ’ (ਸ਼ਮਸ਼ਾਦ ਬੇਗ਼ਮ) ਆਦਿ ਬੜੇ ਪਸੰਦ ਕੀਤੇ ਗਏ। ਇਹ ਫ਼ਿਲਮ 20 ਜੂਨ 1941 ਨੂੰ ਕਰਾਊਨ ਟਾਕੀਜ਼, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਹੋਈ। ਅੰਮ੍ਰਿਤਸਰ ਦੇ ਸੇਠ ਜਗਨ ਨਾਥ ਮਾਹੇਸ਼ਵਰੀ ਨੇ ਜਦੋਂ ਆਪਣੇ ਫ਼ਿਲਮਸਾਜ਼ ਅਦਾਰੇ ਏ. ਜੇ. ਐੱਨ. ਮਾਹੇਸ਼ਵਰੀ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਪੰਜਾਬੀ ਫ਼ਿਲਮ ‘ਰਾਵੀ ਪਾਰ’ (1942) ਸ਼ੁਰੂ ਕੀਤੀ, ਤਾਂ ਇਸ ਦੀ ਹਿਦਾਇਤਕਾਰੀ ਦਾ ਜ਼ਿੰਮਾ ਸ਼ੰਕਰ ਮਹਿਤਾ ਨੂੰ ਸੌਂਪਿਆ। ਕਹਾਣੀ ਤੇ ਮੰਜ਼ਰਨਾਮਾ ਜ਼ੀਆ ਸਰਹੱਦੀ, ਗੀਤ ਬੀ. ਸੀ. ਬੇਕਲ ‘ਅੰਮ੍ਰਿਤਸਰੀ’, ਮਨੋਹਰ ਸਿੰਘ ਸਹਿਰਾਈ, ਵਲੀ ਸਾਹਿਬ ਅਤੇ ਮੌਸੀਕੀ ਸ਼ਿਆਮ ਸੁੰਦਰ ਤੇ ਉਸਤਾਦ ਝੰਡੇ ਖ਼ਾਨ ਨੇ ਤਰਤੀਬ ਦਿੱਤੀ। ਸ਼ੰਕਰ ਮਹਿਤਾ ਦੀ ਹਿਦਾਇਤ ’ਚ ਅਦਾਕਾਰਾ ਰਾਗਿਨੀ (ਜਮੁਨਾ), ਐੱਸ. ਡੀ. ਨਾਰੰਗ (ਪ੍ਰਤਾਪ), ਵੀਨਾ (ਲੈਲਾ) ਅਤੇ ਸਲੀਮ ਰਜ਼ਾ (ਵਿਜੈ) ਦਾ ਕਿਰਦਾਰ ਨਿਭਾਇਆ। ਮਾਸਟਰ ਝੰਡੇ ਖ਼ਾਨ ਦੇ ਸੰਗੀਤ ਵਿਚ ਫ਼ਿਲਮ ਦੇ 2 ਮਕਬੂਲ ਗੀਤ ‘ਗਾਏ ਜਾ ਤੂੰ ਗੀਤ ਪੰਛੀਆਂ’ (ਜੀ. ਐੱਮ. ਦੁਰਾਨੀ, ਰਾਜਕੁਮਾਰੀ), ‘ਗਾਉਣੇ ਛੱਡ ਦੇ ਗੀਤ ਪੰਛੀਆ’ (ਸ਼ਮਸ਼ਾਦ ਬੇਗ਼ਮ) ਅਤੇ ਸ਼ਿਆਮ ਸੁੰਦਰ ਦੇ ਸੰਗੀਤ ਵਿਚ ‘ਰੂਪ ਜਵਾਨੀ ਮਾਹੀ ਵੇ ਬਿਜਲੀ ਦਾ ਹਾਸਾ’, ‘ਆ ਵੇ ਸੱਜਣਾ ਕੋਲ ਬਹੀਏ’ (ਰਾਜਕੁਮਾਰੀ, ਜੀ. ਐੱਮ. ਦੁਰਾਨੀ), ‘ਰਾਵੀ ਪਾਰ ਬਸੇਰਾ ਮਾਹੀ ਦਾ’ (ਰਾਜਕੁਮਾਰੀ), ‘ਉੱਠ ਜਾਗ ਮੁਸਾਫ਼ਰ ਭਰ੍ਹ ਪਈ’ (ਉਸਤਾਦ ਬਰਕਤ ਅਲੀ ਖ਼ਾਨ) ਗੀਤ ਖ਼ੂਬ ਹਿੱਟ ਹੋਏ। ਇਹ ਫ਼ਿਲਮ 11 ਅਕਤੂਬਰ 1942 ਨੂੰ ਰਾਇਲ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਗੁਲ ਜ਼ਮਾਨ ਦੇ ਫ਼ਿਲਮਸਾਜ਼ ਅਦਾਰੇ ਜ਼ਮਾਨ ਪ੍ਰੋਡਕਸ਼ਨਜ਼, ਲਾਹੌਰ ਦੀ ਗੁਲ ਜ਼ਮਾਨ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਗੁਲ ਬਲੋਚ’ (1945) ’ਚ ਸ਼ੰਕਰ ਮਹਿਤਾ ਨੇ ਨਿਰੀਖਕ ਹੋਣ ਦੇ ਨਾਲ ਫ਼ਿਲਮ ਦਾ ਮੰਜ਼ਰਨਾਮਾ ਵੀ ਤਹਿਰੀਰ ਕੀਤਾ। ਇਹ ਫ਼ਿਲਮ 23 ਅਗਸਤ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਨੁਮਾਇਸ਼ ਹੋਈ।
ਮਾਰਚ 1943 ਵਿਚ ਮਾਹੇਸ਼ਵਰੀ ਪਿਕਚਰਜ਼, ਲਾਹੌਰ ਨੇ ਆਪਣੀ ਪਹਿਲੀ ਨ੍ਰਿਤ ਸੰਗੀਤ ਪ੍ਰਧਾਨ ਹਿੰਦੀ ਫ਼ਿਲਮ ‘ਪਗਲੀ’ (1943) ਸ਼ੁਰੂ ਕੀਤੀ। ਹਿਦਾਇਤਕਾਰੀ ਲਈ ਐੱਮ. ਏ. ਮਿਰਜ਼ਾ ਨੂੰ ਚੁਣਿਆ ਗਿਆ, ਪਰ ਫ਼ਿਲਮ ਦੀ ਹੀਰੋਇਨ ਜ਼ਾਹਿਰਾ ਨਾਲ ਇਸ਼ਕ ਦੇ ਚੱਲਦਿਆਂ ਸੇਠ ਮਾਹੇਸ਼ਵਰੀ ਨੇ ਦੋਵਾਂ ਨੂੰ ਫ਼ਿਲਮ ਵਿਚੋਂ ਬਾਹਰ ਕਰ ਦਿੱਤਾ। ਇਸ ਵਾਕਿਆ ਦੇ ਚੰਦ ਰੋਜ਼ ਬਾਅਦ ਹਿਦਾਇਤਕਾਰੀ ਲਈ ਸ਼ੰਕਰ ਮਹਿਤਾ ਦਾ ਇੰਤਖ਼ਾਬ ਕੀਤਾ। ਮਹਿਤਾ ਦੀ ਹਿਦਾਇਤ ਵਿਚ ਅਦਾਕਾਰਾ ਅਰੂਨਾ ਦੇਵੀ, ਐੱਸ. ਕਪੂਰ, ਸਲੀਮ ਰਜ਼ਾ, ਅੰਜਨਾ, ਰਾਮੇਸ਼ ਟਾਕੁਰ, ਨਫ਼ੀਸ, ਭਾਗ ਸਿੰਘ, ਹਮੀਦਾ, ਚਾਰਲੀ, ਮੋਹਿਨੀ, ਬਿੱਲੂ, ਦਵੇਸ਼ਵਰ, ਪੈਗੀ, ਜ਼ਫ਼ਰ ਗੌਰੀ, ਆਨੰਦ, ਰਾਜ ਮੌਂਗਾ, ਕਵਿਤਾ, ਆਸ਼ਾ (ਬਾਅਦ ’ਚ ਅਦਾਕਾਰਾ ਮੁਨੱਵਰ ਸੁਲਤਾਨਾ) ਨੇ ਸ਼ਾਨਦਾਰ ਅਦਾਕਾਰੀ ਕੀਤੀ। ਕਹਾਣੀ ਪਦਮ ਮਾਹੇਸ਼ਵਰੀ, ਮੁਕਾਲਮੇ ਕੇ. ਸੀ. ਵਰਮਾ, ਗੀਤ ਕਮਰ ਜਲਾਲਾਬਾਦੀ ਤੇ ਪੰਡਤ ਮੇਲਾ ਰਾਮ ‘ਵਫ਼ਾ’ ਅਤੇ ਫ਼ਿਲਮ ਦੀ ਮੌਸੀਕੀ ਚਾਰ ਮੌਸੀਕਾਰਾਂ ਉਸਤਾਦ ਝੰਡੇ ਖ਼ਾਨ, ਪੰਡਤ ਗੋਬਿੰਦਰਾਮ, ਅਮੀਰ ਅਲੀ, ਰਸ਼ੀਦ ਅੱਤਰੇ ‘ਅੰਮ੍ਰਿਤਸਰੀ’ ਨੇ ਮੁਰੱਤਿਬ ਕੀਤੀ। ਫ਼ਿਲਮ ਦਾ ਸਿਰਲੇਖ ਨ੍ਰਿਤ ਗੀਤ ਦੇ ਸੰਗੀਤਕਾਰ ਰੌਬੀ ਰਾਏ ਚੌਧਰੀ ਸਨ। ਇਹ ਕਾਮਯਾਬ ਫ਼ਿਲਮ 11 ਜੂਨ 1943 ਨੂੰ ਲਾਹੌਰ ਦੇ ਰਿਟਜ਼ ਸਿਨਮਾ ਅਤੇ ਅੰਮ੍ਰਿਤਸਰ ਦੇ ਚਿੱਤਰਾ ਟਾਕੀਜ਼ ਵਿਚ ਨੁਮਾਇਸ਼ ਲਈ ਪੇਸ਼ ਕੀਤੀ ਗਈ। ਅਕਤੂਬਰ 1944 ਵਿਚ ਮਾਹੇਸ਼ਵਰੀ ਪਿਕਚਰਜ਼, ਲਾਹੌਰ ਨੇ ਸ਼ੰਕਰ ਮਹਿਤਾ ਦੀ ਹਿਦਾਇਤਕਰੀ (ਸਹਾਇਕ ਕੇ. ਸੀ. ਵਰਮਾ, ਰਣਬੀਰ) ਵਿਚ ਹਿੰਦੀ ਫ਼ਿਲਮ ‘ਰਾਗਨੀ’ (1945) ਸ਼ੁਰੂ ਕੀਤੀ। ਮੁਸੱਨਫ਼ (ਕਹਾਣੀ) ਐੱਮ. ਆਰ. ਕਪੂਰ, ਮੁਕਾਲਮੇ ਨਜਮੁਲ ਹਸਨ ਤੇ ਜ਼ਾਹਿਰ ਕਸ਼ਮੀਰੀ (ਪਹਿਲੀ ਫ਼ਿਲਮ), ਗੀਤ ਪੰਡਤ ਮੇਲਾ ਰਾਮ ‘ਵਫ਼ਾ’, ਜ਼ਾਹਿਰ ਕਸ਼ਮੀਰੀ ਤੇ ਨਾਜ਼ਮ ਪਾਣੀਪਤੀ (2 ਗੀਤ) ਅਤੇ ਸੰਗੀਤਕ ਤਰਜ਼ਾਂ ਪੰਡਤ ਅਮਰਨਾਥ ਨੇ ਤਾਮੀਰ ਕੀਤੀਆਂ। ਸ਼ੰਕਰ ਮਹਿਤਾ ਦੀ ਹਿਦਾਇਤ ਵਿਚ ਅਦਾਕਾਰਾ ਸਮ੍ਰਿਤੀ ਬਿਸਵਾਸ (ਟਾਈਟਲ ਰੋਲ), ਨਜਮੁਲ ਹਸਨ, ਅਰੂਨਾ, ਪ੍ਰਾਣ, ਗਿਆਨੀ, ਰਾਮੇਸ਼ ਠਾਕੁਰ, ਭਾਗ ਸਿੰਘ, ਨਜ਼ਰ ਆਦਿ ਨੇ ਸੋਹਣਾ ਕੰਮ ਕੀਤਾ। ਗੰਗਾ ਪ੍ਰੋਡਕਸ਼ਨਜ਼, ਲਾਹੌਰ ਦੀ ਹਿੰਦੀ ਫ਼ਿਲਮ ‘ਆਈ ਬਹਾਰ’ (1946) ਦੀ ਹਿਦਾਇਤਕਾਰੀ ਦੇ ਫ਼ਰਾਇਜ਼ ਵੀ ਸ਼ੰਕਰ ਮਹਿਤਾ ਨੇ ਦਿੱਤੇ। ਕਹਾਣੀ, ਮੰਜ਼ਰਨਾਮਾ, ਮੁਕਾਲਮੇ ਤੇ ਗੀਤ ਡੀ. ਐੱਨ. ਮਧੋਕ ਅਤੇ ਸੰਗੀਤ-ਨਿਰਦੇਸ਼ਕ ਪੰਡਤ ਅਮਰਨਾਥ ਤੇ ਅਨੁਪਮ ਘਟਕ (ਇਕ ਗੀਤ) ਸਨ। ਫ਼ਿਲਮ ਦੇ ਅਦਾਕਾਰਾਂ ਵਿਚ ਇਰਸ਼ਾਦ (ਨਵਾਂ ਚਿਹਰਾ), ਓਮ ਪ੍ਰਕਾਸ਼, ਅਜਮਲ, ਆਸ਼ਾ ਪੌਸਲੇ, ਰਾਨੀ ਕਿਰਨ, ਬੀ. ਐੱਮ. ਚਾਰਲੀ (ਮੈਕਅਪ ਮੈਨ) ਆਦਿ ਨੇ ਮਹਿਤਾ ਦੀ ਹਿਦਾਇਤ ’ਚ ਕੰਮ ਕੀਤਾ। ਇਹ ਲਾਹੌਰ (ਪੰਜਾਬ) ’ਚ ਬਣੀ ਮਹਿਤਾ ਦੀ ਆਖ਼ਰੀ ਫ਼ਿਲਮ ਕਰਾਰ ਪਾਈ।
1947 ਵਿਚ ਪੰਜਾਬ ਵੰਡ ਤੋਂ ਬਾਅਦ ਸ਼ੰਕਰ ਮਹਿਤਾ ਆਪਣੇ ਆਬਾਈ ਸ਼ਹਿਰ ਲਾਹੌਰ ਨੂੰ ਛੱਡ ਕੇ ਫ਼ਿਲਮਾਂ ਦੇ ਵੱਡੇ ਮਰਕਜ਼ ਬੰਬੇ ਟੁਰ ਗਏ। ਜਦੋਂ ਮੁਲਕਰਾਜ ਭਾਖੜੀ ਨੇ ਆਪਣੇ ਫ਼ਿਲਮਸਾਜ਼ ਅਦਾਰੇ ਨਿਗਾਰਸਤਾਨ (ਇੰਡੀਆ) ਫ਼ਿਲਮਜ਼, ਬੰਬੇ ਦੀ ਪਹਿਲੀ ਮਜ਼ਾਹੀਆ ਪੰਜਾਬੀ ਫ਼ਿਲਮ ‘ਛਈ’ (1950) ਸ਼ੁਰੂ ਕੀਤੀ ਤਾਂ ਇਸ ਦੀ ਹਿਦਾਇਤਕਾਰੀ ਦਾ ਕੰਮ ਸ਼ੰਕਰ ਮਹਿਤਾ (ਸਹਾਇਕ ਆਰ. ਐੱਨ. ਸਕਸੈਨਾ, ਨਾਥ ਮਿਹਰਾ, ਰਣਜੀਤ ਠਾਕੁਰ) ਦੇ ਸਪੁਰਦ ਕੀਤਾ, ਜਿਨ੍ਹਾਂ ਦਾ ਲਾਹੌਰ ਫ਼ਿਲਮ ਸਨਅਤ ਵਿਚ ਵੱਡਾ ਨਾਮ ਸੀ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਮੁਲਕਰਾਜ ਭਾਖੜੀ, ਗੀਤ ਵਰਮਾ ਮਲਿਕ ਅਤੇ ਸੰਗੀਤ ਹੰਸਰਾਜ ਬਹਿਲ (ਸਹਾਇਕ ਪ੍ਰੀਤਮ) ਸਨ। ਮਹਿਤਾ ਦੀ ਹਿਦਾਇਤ ’ਚ ਅਦਾਕਾਰਾ ਗੀਤਾ ਬਾਲੀ, ਸੁੰਦਰ ਸਿੰਘ, ਕੁਲਦੀਪ ਕੌਰ, ਪਰਾਣ, ਬਲਰਾਜ ਮਹਿਤਾ, ਗੀਤਾ ਨਿਜ਼ਾਮੀ, ਏ. ਸ਼ਾਹ ਸ਼ਿਕਾਰਪੁਰੀ, ਜੀਵਨ, ਰਾਮੇਸ਼ ਠਾਕੁਰ, ਰਾਮ ਅਵਤਾਰ, ਮਜਨੂੰ, ਖ਼ਰੈਤੀ ਭੈਂਗਾ (ਪਹਿਲੀ ਪੰਜਾਬੀ ਫ਼ਿਲਮ) ਨੁਮਾਇਆਂ ਕਿਰਦਾਰ ਸਨ। ਇਸ ਫ਼ਿਲਮ ਦੇ ਤਮਾਮ ਗੀਤ ਹੱਦ ਦਰਜਾ ਮਕਬੂਲ ਹੋਏ। ਇਹ ਕਾਮਯਾਬ ਫ਼ਿਲਮ 30 ਜੂਨ 1950 ਨੂੰ ਅੰਮ੍ਰਿਤ ਟਾਕੀਜ਼, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਈਸ਼ਵਰ ਆਨੰਦ ਨੇ ਜਦੋਂ ਸਮਸ ਪ੍ਰੋਡਕਸ਼ਨਜ਼, ਬੰਬੇ ਦੇ ਬੈਨਰ ਹੇਠ ਮਜ਼ਾਹੀਆ ਪੰਜਾਬੀ ਫ਼ਿਲਮ ‘ਲਾਰਾ ਲੱਪਾ’ (1953) ਸ਼ੁਰੂ ਕੀਤੀ ਤਾਂ ਹਿਦਾਇਤਕਾਰ ਵਜੋਂ ਸ਼ੰਕਰ ਮਹਿਤਾ (ਸਹਾਇਕ ਬੀ. ਸੀ. ਬੇਕਲ, ਰਾਜ ਆਨੰਦ) ਦੀਆਂ ਸੇਵਾਵਾਂ ਲਈਆਂ। ਮਹਿਤਾ ਦੀ ਹਿਦਾਇਤ ਵਿਚ ਫ਼ਿਲਮ ਦਾ ਟਾਈਟਲ ਰੋਲ ਸੁੰਦਰ (ਲਾਰਾ) ਤੇ ਮਜਨੂੰ (ਲੱਪਾ) ਨੇ ਨਿਭਾਇਆ। ਅਦਾਕਾਰਾ ਸ਼ਿਆਮਾ (ਜੁਗਨੀ) ਤੇ ਅਮਰਨਾਥ (ਪਟਵਾਰੀ ਰਾਮਦਾਸ) ਮਰਕਜ਼ੀ ਕਿਰਦਾਰ ’ਚ ਕੁਲਦੀਪ ਕੌਰ (ਗੌਰੀ) ਦੂਜੀ ਹੀਰੋਇਨ ਤੋਂ ਇਲਾਵਾ ਰਾਮੇਸ਼ ਠਾਕੁਰ (ਮੇਲਾ ਰਾਮ ਚੌਧਰੀ), ਰਾਮ ਅਵਤਾਰ (ਬੂਟਾ ਰਾਮ) ਨੇ ਸ਼ਾਨਦਾਰ ਪਾਰਟ ਅਦਾ ਕੀਤੇ। ਗੀਤ ਮਨੋਹਰ ਸਿੰਘ ਸਹਿਰਾਈ ਅਤੇ ਸੰਗੀਤਕ ਧੁੰਨਾਂ ਧਨੀ ਰਾਮ (ਸਹਾਇਕ ਕ੍ਰਿਸ਼ਨ) ਨੇ ਬਣਾਈਆਂ। ਫ਼ਿਲਮ ਦੇ ਗੀਤ ‘ਮੇਰੇ ਦਿਲ ਦੀ ਸੇਜ ਦੀ ਰਾਣੀਏ ਨੀਂ’ (ਤਲਤ ਮਹਿਮੂਦ), ‘ਆਵਾਜ਼ ਦੇ ਕਹਾਂ ਹੈ ਲਾਰਾ ਤੇਰਾ ਯਹਾਂ ਹੈ’ (ਐੱਸ. ਬਲਬੀਰ, ਦਵਿੰਦਰ), ‘ਰਸੀਆ ਨਿੰਬੂ ਲਿਆ ਦੇ ਵੇ’ (ਸਮਸ਼ਾਦ ਬੇਗ਼ਮ) ਗੀਤ ਬੜੇ ਮਕਬੂਲ ਹੋਏ। ਇਹ ਕਾਮਯਾਬ ਫ਼ਿਲਮ 24 ਜੁਲਾਈ 1953 ਨੂੰ ਨਿਊ ਰਾਜ, ਹੁਸ਼ਿਆਰਪੁਰ, ਸੰਤ ਸਿਨਮਾ, ਜਲੰਧਰ ਤੇ ਰੀਜੈਂਟ ਸਿਨਮਾ, ਅੰਮ੍ਰਿਤਸਰ ਵਿਖੇ ਨੁਮਾਇਸ਼ ਹੋਈ। ਫ਼ਿਲਮਸਾਜ਼ ਐੱਨ. ਕੇ. ਖੰਨਾ ਤੇ ਆਈ. ਐੱਸ ਢੱਲ ਨੇ ਫ਼ਿਲਮਸਾਜ਼ ਅਦਾਰੇ ਨਿਊ ਲਿੰਕ ਫ਼ਿਲਮ ਬੰਬੇ ਦੇ ਬੈਨਰ ਹੇਠ ਸ਼ੰਕਰ ਮਹਿਤਾ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਬਿੱਲੋ’ (1961) ਬਣਾਈ। ‘ਬਿੱਲੋ’ ਦਾ ਟਾਈਟਲ ਕਿਰਦਾਰ ਅਦਾਕਾਰਾ ਇੰਦਰਾ ਬਿੱਲੀ ਤੇ ਅਦਾਕਾਰ ਦਲਜੀਤ ਤੋਂ ਇਲਾਵਾ ਵਾਸਤੀ, ਚਾਂਦ ਬਰਕ, ਖ਼ਰੈਤੀ ਭੈਂਗਾ, ਆਈ. ਐੱਸ. ਜੌਹਰ, ਰਾਜਨ ਹਕਸਰ, ਰਾਜ ਰਾਣੀ, ਰਾਮ ਅਵਤਾਰ ਵਗੈਰਾ ਨੇ ਨੁਮਾਇਆਂ ਕਿਰਦਾਰ ਨਿਭਾਏ। ਕਹਾਣੀ, ਮੁਕਾਲਮੇ ਤੇ ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤ ਸਰਦੂਲ ਕਵਾਤੜਾ ਨੇ ਮੁਰੱਤਿਬ ਕੀਤਾ। ਇਹ ਫ਼ਿਲਮ 13 ਅਪਰੈਲ 1961 ਨੂੰ ਚਿੱਤਰਾ ਟਾਕੀਜ਼, ਅੰਮ੍ਰਿਤਸਰ ਵਿਖੇ ਪਰਦਾਪੇਸ਼ ਹੋਈ। ਫ਼ਿਲਮਸਾਜ਼ ਆਰ. ਜੀ. ਆਨੰਦ ਨੇ ਫ਼ਿਲਮਸਾਜ਼ ਅਦਾਰੇ ਇੰਦਰਪ੍ਰਸਥ ਫ਼ਿਲਮਜ਼, ਨਿਊ ਦਿੱਲੀ ਦੇ ਬੈਨਰ ਹੇਠ ਸ਼ੰਕਰ ਮਹਿਤਾ ਦੀ ਹਿਦਾਇਤਕਾਰੀ ਵਿਚ ਪੰਜਾਬੀ ਫ਼ਿਲਮ ‘ਲਾਵਾ ਫੁੱਟਿਆ’ (1967) ਬਣਾਈ। ਸ਼ੰਕਰ ਮਹਿਤਾ ਦੀ ਹਿਦਾਇਤ ਵਿਚ ਰਮਾ ਬੰਸ, ਕਮਲੇਸ਼, ਰਚਨਾ, ਨੰਦਿਨੀ, ਸ਼ਸ਼ੀ, ਬੀ.ਕੇ., ਜੱਜ ਸਿੰਘ, ਓਮ ਸ਼ਰਮਾ, ਅਰੁਣ ਬਾਲੀ (ਪਹਿਲੀ ਫ਼ਿਲਮ) ਆਦਿ ਨੇ ਆਪਣੇ ਫ਼ਨ ਦੀ ਪੇਸ਼ਕਾਰੀ ਕੀਤੀ। ਮੰਜ਼ਰਨਾਮਾ ਆਰ. ਜੀ. ਆਨੰਦ ਤੇ ਪ੍ਰੇਮ ਜਲੰਧਰੀ, ਗੀਤ ਪ੍ਰੇਮ ਜਲੰਧਰੀ ਅਤੇ ਸੰਗੀਤਕਾਰ ਸਤੀਸ਼ ਭਾਟੀਆ ਸਨ। ਵੰਡ ਤੋਂ ਬਾਅਦ ਇਹ ਪੰਜਾਬੀ ਫ਼ਿਲਮ ਇਤਿਹਾਸ ਦੀ ਪਹਿਲੀ ਫ਼ਿਲਮ ਸੀ ਜਿਸ ਵਿਚ 24 ਗੀਤ ਸ਼ਾਮਲ ਸਨ।
ਵੰਡ ਤੋਂ ਬਾਅਦ ਸ਼ੰਕਰ ਮਹਿਤਾ ਨੇ ਆਪਣੀ ਹਿਦਾਇਤਕਾਰੀ ਅਤੇ ਫ਼ਿਲਮਸਾਜ਼ੀ (ਨਾਲ ਐੱਮ ਅਚਾਰੀਆ, ਕੇ. ਸੀ. ਵਰਮਾ) ਵਿਚ ਸਿਰਫ਼ ਇਕ ਹਿੰਦੀ ਫ਼ਿਲਮ ‘ਰਿਕਸ਼ਾਵਾਲਾ’ (1960) ਬਣਾਈ। ਅਦਾਕਾਰਾ ਅਨੀਤਾ ਗੂਹਾ, ਜੌਨੀ ਵਾਕਰ, ਕੁਲਦੀਪ ਕੌਰ, ਰਾਧਾ ਕਿਸ਼ਨ, ਜਗਦੇਵ, ਮੀਨੂੰ ਮੁਮਤਾਜ਼, ਜਗਦੀਸ਼ ਕੰਵਲ ਆਦਿ ਨੇ ਮਹਿਤਾ ਦੀ ਹਿਦਾਇਤ ਵਿਚ ਬਿਹਤਰੀਨ ਕੰਮ ਕੀਤਾ।
ਪੰਜਾਬੀ ਫ਼ਿਲਮ ‘ਲਾਵਾ ਫੁੱਟਿਆ’ ਸ਼ੰਕਰ ਮਹਿਤਾ ਦੀ ਹਿਦਾਇਤਕਾਰ ਵਜੋਂ ਆਖ਼ਰੀ ਫ਼ਿਲਮ ਸੀ। ਫ਼ਿਲਮਾਂ ਤੋਂ ਕਿਨਾਰਾਕਸ਼ੀ ਕਰਨ ਤੋਂ ਬਾਅਦ ਮਸ਼ਹੂਰ ਹਿਦਾਇਤਕਾਰ ਸ਼ੰਕਰ ਮਹਿਤਾ ਕਿੱਥੇ ਚਲੇ ਗਏ, ਇਨ੍ਹਾਂ ਦਾ ਪਰਿਵਾਰ ਕਿੱਥੇ ਹੈ, ਕਿੱਥੇ ਫ਼ੌਤ ਹੋਏ? ਕਾਫ਼ੀ ਤਹਿਕੀਕ ਕਰਨ ਤੋਂ ਬਾਅਦ ਵੀ ਕੋਈ ਮਾਲੂਮਾਤ ਨਹੀਂ ਮਿਲ ਸਕੀ ਅਤੇ ਨਾ ਹੀ ਉਸ ਦੌਰ ਦੇ ਕਿਸੇ ਫ਼ਿਲਮੀਂ ਰਸਾਲੇ ਵਿਚ ਇਨ੍ਹਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਦਰਜ ਹੈ।
ਸੰਪਰਕ: 97805-09545