ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਜੁਲਾਈ
ਪੰਜਾਬ ਭਾਜਪਾ ਆਗੂਆਂ ਨੂੰ ਛੱਡ ਕਿਸਾਨਾਂ ਦਾ ਸਮਰਥਨ ਕਰ ਰਹੇ ਸਾਬਕਾ ਭਾਜਪਾ ਮੰਤਰੀ ਸ੍ਰੀ ਅਨਿਲ ਜੋਸ਼ੀ ਨੇ ਪਾਰਟੀ ਵਲੋਂ ਭੇਜੇ ਕਾਰਨ ਦੱਸੋ ਨੋਟਿਸ ਦਾ ਜਵਾਬ ਨਿਰਧਾਰਤ ਸਮੇਂ ਵਿਚ ਭੇਜ ਦਿੱਤਾ ਹੈ। ਇਸ ਪੱਤਰ ਵਿਚ ਉਨ੍ਹਾਂ ਆਪਣਾ ਪੱਖ ਸਪੱਸ਼ਟ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਕੋਲੋਂ ਹੀ ਕੁਝ ਮੁੱਦਿਆਂ ’ਤੇ ਅਨੁਸ਼ਾਸਨਹੀਣਤਾ ਬਾਰੇ ਪੁੱਛਿਆ ਹੈ। ਇਸ ਦੌਰਾਨ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਵਲੋਂ ਅੰਦੋਲਨ ਕਰ ਰਹੇ ਕਿਸਾਨਾਂ ਬਾਰੇ ਦਿੱਤੇ ਇਕ ਵਿਵਾਦਤ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਕੁਝ ਲੋਕ ਨਿੱਜੀ ਲਾਹਾ ਲੈਣ ਲਈ ਵਿਵਾਦ ਨੂੰ ਕਾਇਮ ਰੱਖਣਾ ਚਾਹੁੰਦੇ ਹਨ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਨ੍ਹਾਂ ਨੇ ਬੀਤੀ ਰਾਤ ਲਗਪਗ 11 ਵਜੇ ਆਪਣਾ ਜਵਾਬ ਭੇਜ ਦਿੱਤਾ ਹੈ। ਇਹ ਪੱਤਰ ਉਨ੍ਹਾਂ ਪਾਰਟੀ ਵਲੋਂ ਭੇਜੇ ਗਏ ਕਾਰਨ ਦੱਸੋ ਨੋਟਿਸ ਦੇ ਜਵਾਬ ਵਿਚ ਭੇਜਿਆ ਹੈ। ਪਾਰਟੀ ਵਲੋਂ ਸ੍ਰੀ ਜੋਸ਼ੀ ’ਤੇ ਕੇਂਦਰ ਸਰਕਾਰ, ਕੇਂਦਰੀ ਆਗੂਆਂ ਅਤੇ ਪੰਜਾਬ ਭਾਜਪਾ ਦੇ ਆਗੂਆਂ ਖਿਲਾਫ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਗਿਆ ਹੈ ਅਤੇ ਇਸ ਨੂੰ ਅਨੁਸ਼ਾਸਨਹੀਣਤਾ ਕਰਾਰ ਦਿੱਤਾ ਹੈ। ਦੋ ਸਫਿਆਂ ਦੇ ਇਸ ਪੱਤਰ ਵਿਚ ਸ੍ਰੀ ਜੋਸ਼ੀ ਨੇ ਆਪਣਾ ਪੱਖ ਸਪੱਸ਼ਟ ਕਰਦਿਆਂ ਲਿਖਿਆ ਕਿ ਉਨ੍ਹਾਂ ਅੱਜ ਤਕ ਨਾ ਤਾਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਅਤੇ ਨਾ ਹੀ ਕੇਂਦਰੀ ਆਗੂਆਂ ਖਿਲਾਫ ਕੋਈ ਗੱਲ ਕੀਤੀ ਹੈ। ਉਨਾਂ ਹਮੇਸ਼ਾਂ ਪਾਰਟੀ ਦੇ ਹਿੱਤਾਂ ਬਾਰੇ ਗੱਲ ਕੀਤੀ ਹੈ। ਇਸ ਸਬੰਧੀ ਵੀ ਉਨ੍ਹਾਂ ਆਪਣੇ ਵਿਚਾਰ ਪਹਿਲਾਂ ਪਾਰਟੀ ਮੰਚ ’ਤੇ ਰੱਖੇ ਸਨ। ਕਿਸਾਨ ਅੰਦੋਲਨ ਕਾਰਨ ਪਾਰਟੀ ਵਰਕਰਾਂ ’ਤੇ ਹੋ ਰਹੇ ਹਮਲੇ ਅਤੇ ਦਰਪੇਸ਼ ਪ੍ਰੇਸ਼ਾਨੀ ਬਾਰੇ ਚਰਚਾ ਕਰਨ ਲਈ ਪਾਰਟੀ ਦੇ ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਦੀ ਮੀਟਿੰਗ ਸੱਦਣ ਦਾ ਸੁਝਾਅ ਦਿੱਤਾ ਸੀ, ਜਿਸਨੂੰ ਅਣਗੌਲਿਆਂ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸਾਨ ਜਦੋਂ ਅੰਦੋਲਨ ਕਰ ਰਹੇ ਸਨ ਤਾਂ ਉਨ੍ਹਾਂ ਦੀਆਂ ਮੰਗਾਂ ਸੀਮਤ ਸਨ। ਜੇਕਰ ਉਸ ਵੇਲੇ ਉਨ੍ਹਾਂ ਨਾਲ ਮਿਲ ਕੇ ਮਸਲੇ ਦਾ ਹੱਲ ਕਰ ਲਿਆ ਜਾਂਦਾ ਤਾਂ ਇਹ ਅੰਦੋਲਨ ਦੇਸ਼-ਵਿਆਪੀ ਨਾ ਬਣਦਾ ਅਤੇ ਨਾ ਹੀ ਇਹ ਸਥਿਤੀ ਪੈਦਾ ਹੁੰਦੀ। ਉਨ੍ਹਾਂ ਲਿਖਿਆ ਕਿ ਮੈਂ ਪਾਰਟੀ ਦਾ ਸਮਰਪਿਤ ਵਰਕਰ ਹਾਂ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਪਾਰਟੀ ਨੇ ਮਾਣ-ਸਨਮਾਨ ਵੀ ਦਿੱਤਾ ਹੈ। ਹੁਣ ਵੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ। ਉਨਾਂ ਪਾਰਟੀ ਪ੍ਰਧਾਨ ਨੂੰ ਸੁਝਾਅ ਦਿੱਤਾ ਕਿ ਉਹ ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਦੇ ਨਾਲ ਖੜ੍ਹੇ ਹੋ ਕੇ ਕੇਂਦਰ ਸਰਕਾਰ ਕੋਲੋਂ ਉਨ੍ਹਾਂ ਦੇ ਮੁੱਦਿਆਂ ਦਾ ਹੱਲ ਕਰਾਉਣ। ਪਾਰਟੀ ਆਗੂ ਹਰਜੀਤ ਸਿੰਘ ਗਰੇਵਾਲ ਦੇ ਬਿਆਨ ’ਤੇ ਟਿੱਪਣੀ ਕਰਦਿਆਂ ਉਨਾਂ ਕਿਹਾ ਕਿ ਕੁਝ ਲੋਕ ਵਿਵਾਦ ਨੂੰ ਕਾਇਮ ਰੱਖ ਕੇ ਨਿੱਜੀ ਲਾਹਾ ਲੈਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਮੈਂ ਆਪਣਾ ਪੱਖ ਪਾਰਟੀ ਨੂੰ ਭੇਜ ਦਿੱਤਾ ਹੈ ਅਤੇ ਇਸ ਸਬੰਧ ਵਿਚ ਪਾਰਟੀ ਵਲੋਂ ਕੀ ਫੈਸਲਾ ਕੀਤਾ ਜਾਂਦਾ ਹੈ, ਇਹ ਪਾਰਟੀ ਪ੍ਰਧਾਨ ’ਤੇ ਨਿਰਭਰ ਕਰਦਾ ਹੈ ।
ਕੀ ਕਿਸਾਨਾਂ ਦੇ ਹੱਕ ਦੀ ਗੱਲ ਕਰਨਾ ਅਨੁਸ਼ਾਸਨਹੀਣਤਾ ਹੈ?
ਅਨਿਲ ਜੋਸ਼ੀ ਨੇ ਕਿਹਾ ਕਿ ਮੈਂ ਜੋ ਕੁਝ ਮੀਡੀਆ ਵਿਚ ਕਿਹਾ ਹੈ, ਉਹ ਅਨੁਸ਼ਾਸਨਹੀਣਤਾ ਨਹੀਂ ਹੈ। ਉਨ੍ਹਾਂ ਸੂਬਾ ਪ੍ਰਧਾਨ ਨੂੰ ਪੁੱਛਿਆ ਕਿ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨਾ, ਪੰਜਾਬ ਦੇ ਆੜ੍ਹਤੀਆਂ, ਸ਼ੈਲਰ ਮਾਲਕਾਂ, ਸਨਅਤਕਾਰਾਂ, ਵਪਾਰੀਆਂ ਤੇ ਮਜ਼ਦੂਰਾਂ ਦੀ ਗੱਲ ਕਰਨਾ, ਪੰਜਾਬ ਦੇ ਭਾਈਚਾਰੇ ਵਿਚ ਆ ਰਹੀ ਦਰਾੜ ਨੂੰ ਭਰਨਾ, ਕਿਸਾਨਾਂ ਦੇ ਰੋਸ ਕਾਰਨ ਪਾਰਟੀ ਵਰਕਰਾਂ ਦੀ ਹੋ ਰਹੀ ਦੁਰਦਸ਼ਾ ਨੂੰ ਰੋਕਣ ਲਈ ਕਿਸਾਨਾਂ ਦੇ ਸਹਿਯੋਗ ਦੀ ਗੱਲ ਕਰਨਾ ਅਤੇ ਪਾਰਟੀ ਨੂੰ ਬਚਾਉਣ ਲਈ ਪਾਰਟੀ ਪ੍ਰਧਾਨ ਨੂੰ ਸੁਝਾਅ ਦੇਣਾ, ਕੀ ਅਨੁਸ਼ਾਸਨਹੀਣਤਾ ਹੈ।