ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਰਨਾਲਾ/ਧਨੌਲਾ, 9 ਜੁਲਾਈ
ਕਰੋਨਾ ਦੀ ਭੇਟ ਚੜ੍ਹੇ ਫਰੰਟਲਾਈਨ ਯੋਧਿਆਂ ਦੇ ਪਰਿਵਾਰ ਮੁਆਵਜ਼ੇ ਦਾ ਸਵਾ ਸਾਲ ਬੀਤ ਜਾਣ ਦੇ ਬਾਅਦ ਵੀ ਇੰਤਜ਼ਾਰ ਕਰ ਰਹੇ ਹਨ। ਇਹ ਮਾਮਲਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਬਡਬਰ ਦਾ ਹੈ। ਜਿੱਥੋਂ ਦਾ ਪੀਆਰਟੀਸੀ ਡਰਾਈਵਰ ਮਨਜੀਤ ਸਿੰਘ ਲੌਕਡਾਊਨ ਵੇਲੇ ਸ੍ਰੀ ਹਜ਼ੂਰ ਸਾਹਿਬ ਗਈ ਸੰਗਤ ਨੂੰ ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਲੈਣ ਗਿਆ ਸੀ, ਪਰ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਇਸ ਮਗਰੋਂ ਸਰਕਾਰ ਨੇ ਪਰਿਵਾਰ ਨੂੰ 50 ਲੱਖ ਦੀ ਰਾਸ਼ੀ ਦੇਣ ਵਾਅਦਾ ਕੀਤਾ ਸੀ, ਜੋ ਹਾਲੇ ਤੱਕ ਪੂਰਾ ਨਹੀਂ ਹੋਇਆ। ਮੁਆਵਜ਼ੇ ਦਾ ਵਾਅਦਾ ਪੂਰਾ ਨਾ ਹੋਣ ਦੇ ਰੋਸ ਵਜੋਂ ਅੱਜ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਮਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕੌਮੀ ਮਾਰਗ -7 ਜਾਮ ਕਰ ਦਿੱਤਾ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਮਨਜੀਤ ਸਿੰਘ ਦੇ ਪਿਤਾ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹੀ ਘਰ ਦੀ ਹਰ ਜ਼ਰੂਰਤਾਂ ਪੂਰੀਆਂ ਕਰਦਾ ਸੀ ਤੇ ਹੁਣ ਉਨ੍ਹਾਂ ਨੂੰ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ । ਉਧਰ ਧਰਨੇ ਵਾਲੀ ਜਗ੍ਹਾ ’ਤੇ ਪਹੁੰਚੇ ਨਾਇਬ ਤਹਸੀਲਦਾਰ ਧਨੌਲਾ ਆਸ਼ੂ ਜੋਸ਼ੀ ਨੂੰ ਪਿੰਡ ਵਾਸੀਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਯਾਦ ਪੱਤਰ ਦਿੱਤਾ ਗਿਆ ਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ 15 ਦਿਨਾਂ ਅੰਦਰ ਕੋਈ ਸੰਤੁਸ਼ਟ ਜਵਾਬ ਪ੍ਰਾਪਤ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।