ਪ੍ਰੋ. ਜਸਪ੍ਰੀਤ ਕੌਰ
ਕੁਦਰਤ ਵੱਲੋਂ ਮਨੁੱਖ ਨੂੰ ਦਿੱਤੀ ਮਨ ਰੂਪੀ ਸ਼ਕਤੀ ਅਨਮੋਲ ਦਾਤ ਹੈ। ਸਾਡਾ ਮਨ ਹੀ ਸਾਡੀ ਜ਼ਿੰਦਗੀ ਦਾ ਪ੍ਰਤੀਬਿੰਬ ਹੁੰਦਾ ਹੈ। ਅਸੀਂ ਅਪਣੇ ਮਨ ਦੀ ਸਥਿਤੀ ਅਨੁਸਾਰ ਜੋ ਸੋਚਦੇ ਜਾਂ ਮਹਿਸੂਸ ਕਰਦੇ ਹਾਂ, ਉਸ ਨਾਲ ਹੀ ਸਾਡੇ ਸਰੀਰ ਵਿਚ ਸਕਾਰਾਤਮਕ ਜਾਂ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਮਨ ਤੋਂ ਹਾਰਿਆ ਬੰਦਾ ਆਪਣੀ ਅਨਮੋਲ ਜ਼ਿੰਦਗੀ ਨੂੰ ਕੋਡੀਆਂ ਦੇ ਭਾਅ ਰੋਲ ਦਿੰਦਾ ਹੈ ਤੇ ਮਨ ਨੂੰ ਜਿੱਤ ਕੇ ਉਹ ਸੰਸਾਰ ਨੂੰ ਜਿੱਤ ਜਾਂਦਾ ਹੈ। ਜਦੋਂ ਅਸੀਂ ਮਨ ਤੋਂ ਹਾਰ ਮੰਨ ਲੈਂਦੇ ਹਾਂ ਤਾਂ ਇਸ ਨਾਲ ਸਾਡੇ ਸਰੀਰ ਵਿਚ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਜੋ ਸਾਡੇ ਸਰੀਰ, ਚੇਤਨ ਤੇ ਅਵਚੇਤਨ ਮਨ ਨੂੰ ਵੀ ਪ੍ਰਭਾਵਿਤ ਕਰਦੀ ਹੈ।
ਜੀਵਨ ਇਕ ਖੂਬਸੂਰਤ ਪੰਧ ਹੈ ਤੇ ਇਸ ਨੂੰ ਖ਼ੁਸ਼ੀਆਂ ਦੇ ਅਹਿਸਾਸ ਨਾਲ ਜਿਉਣ ਲਈ ਸਦਾ ਯਤਨਸ਼ੀਲ ਰਹਿਣ ਦੇ ਬਾਵਜੂਦ ਮਨੁੱਖ ਦਾ ਦਿਲ-ਦਿਮਾਗ਼ ਉਦਾਸੀਆਂ ਤੇ ਚਿੰਤਾਵਾਂ ਨਾਲ ਭਰਿਆ ਰਹਿੰਦਾ ਹੈ ਕਿਉਂਕਿ ਮਨੁੱਖੀ ਮਨ ਦੀ ਇਹ ਫਿਤਰਤ ਹੈ ਕਿ ਇਹ ਨਕਾਰਾਤਮਕ ਵਿਚਾਰਾਂ ਨੂੰ ਬਹੁਤ ਜਲਦੀ ਅਪਣਾ ਲੈਂਦਾ ਹੈ। ਉਹ ਭੁੱਲ ਜਾਂਦਾ ਹੈ ਕਿ ਖ਼ੁਸ਼ੀਆਂ ਦੀ ਗੰਗੋਤਰੀ ਉਸ ਦੇ ਅੰਦਰ ਹੀ ਵਹਿ ਰਹੀ ਹੈ, ਜ਼ਰੂਰਤ ਹੈ ਉਸ ਨੂੰ ਪਛਾਣਨ ਦੀ। ਸਫਲਤਾ ਪ੍ਰਸੰਨਤਾ ਵਿਚੋਂ ਉਪਜਦੀ ਹੈ ਅਤੇ ਪ੍ਰਸੰਨਤਾ ਸਾਡੇ ਵਿਚਾਰਾਂ ਦੀ ਜਣਨੀ ਹੈ ਅਤੇ ਹਾਂ-ਪੱਖੀ ਵਿਚਾਰਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਜੇ ਖ਼ੁਸ਼ਹਾਲ ਜ਼ਿੰਦਗੀ ਬਿਤਾਉਣੀ ਹੈ ਤਾਂ ਇਸ ਦੀ ਪਰਿਭਾਸ਼ਾ ਦੂਜਿਆਂ ਕੋਲੋਂ ਜਾਣਨ ਦੀ ਕੋਸ਼ਿਸ਼ ਨਾ ਕਰੋ ਬਲਕਿ ਖ਼ੁਦ ਲਿਖੋ ਕਿਉਂਕਿ ਇਹ ਜ਼ਿੰਦਗੀ ਤੁਹਾਡੀ ਹੈ ਅਤੇ ਤੁਸੀਂ ਇਸ ਨੂੰ ਜਿਉਣਾ ਹੈ।
ਸਕਾਰਾਤਮਕ ਬਣਨ ਲਈ ਮਨ ਨੂੰ ਜਿੱਤਣਾ ਜ਼ਰੂਰੀ ਹੈ। ਸਾਡੇ ਸਰੀਰ ਦੀਆਂ ਪੰਜ ਗਿਆਨ ਇੰਦਰੀਆਂ ਰਾਹੀਂ ਬਾਹਰੋਂ ਕੁਝ ਵੀ ਗ੍ਰਹਿਣ ਕਰਨ ਦਾ ਕੰਮ ਇਹ ਮਨ ਹੀ ਕਰਦਾ ਹੈ ਤੇ ਇਸ ਦੇ ਹੁਕਮ ਅਨੁਸਾਰ ਹੀ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ। ਤਣਾਅ ਅੱਜ ਦੀ ਪੀੜ੍ਹੀ ਦਾ ਸਭ ਤੋਂ ਵੱਡਾ ਦੁਸ਼ਮਣ ਬਣ ਚੁੱਕਾ ਹੈ। ਕਿਸੇ ਨੂੰ ਨੌਕਰੀ ਦੀ ਚਿੰਤਾ, ਕੋਈ ਵਿਦੇਸ਼ ਜਾਣ ਦੀ ਫਿਰਾਕ ਵਿਚ, ਕੋਈ ਪਰਿਵਾਰ ਤੋਂ ਨਿਰਾਸ਼, ਕੋਈ ਸਰਕਾਰ ਤੋਂ ਨਿਰਾਸ਼, ਕੋਈ ਧੀ ਦੇ ਕਾਰਜ ਸਬੰਧੀ ਪਰੇਸ਼ਾਨ, ਕੋਈ ਕਰਜ਼ ਤੋਂ, ਨਸ਼ਈ ਨਸ਼ਾ ਨਾ ਪੂਰਾ ਹੋਣ ਕਾਰਨ ਪਰੇਸ਼ਾਨ ਹਨ। ਚੰਗਾ ਖਾਣ-ਪੀਣ, ਪਹਿਨਣ ਤੇ ਹਰੇਕ ਤਰ੍ਹਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਮਨ ਆਦਮੀ ਨੂੰ ਹਰਕਤ ਵਿਚ ਲਿਆਉਂਦਾ ਹੈ, ਉਸ ਨੂੰ ਚੰਗੇ ਮਾੜੇ ਕੰਮ ਕਰਨ ਦੀ ਪ੍ਰੇਰਨਾ ਦਿੰਦਾ ਹੈ ਤੇ ਆਦਮੀ ਸਫਲ ਹੋਣ ਲਈ ਸ਼ਾਰਟ ਕੱਟ ਭਾਲਦਾ ਹੈ। ਹਰ ਛੋਟਾ ਵੱਡਾ ਝੂਠ, ਚੋਰੀ, ਹੇਰਾਫੇਰੀ, ਬੇਈਮਾਨੀ, ਵੱਢੀ-ਖੋਰੀ, ਬਲੈਕ, ਮਿਲਾਵਟ, ਰਿਸ਼ਵਤ, ਚੋਰਬਾਜ਼ਾਰੀ ਤੇ ਮੁਨਾਫ਼ਾਖੋਰੀ ਸਭ ਮਨ ਦੀਆਂ ਇੱਛਾਵਾਂ ਦੀ ਹੀ ਪੈਦਾਵਾਰ ਹਨ। ਮਨ ਦੇ ਬੇਮੁਹਾਰੇ ਹੋਣ ਕਰਕੇ ਹੀ ਕਈ ਮੁਲਕਾਂ ਵਿਚਕਾਰ ਜੰਗ ਛਿੜ ਪੈਂਦੀ ਹੈ। ਆਪਣੇ ਮਨ ’ਤੇ ਕਾਬੂ ਨਾ ਹੋਣ ਕਰਕੇ ਮਨੁੱਖ ਘਟੀਆ ਕਿਸਮ ਦੇ ਕੰਮ ਕਰਦਾ ਹੈ ਤੇ ਫਿਰ ਉਸ ਦੀ ਸਜ਼ਾ ਭੁਗਤਦਾ ਹੈ।
ਮਨ ਨੂੰ ਜਿੱਤਣ ਤੋਂ ਭਾਵ ਇਹ ਹੈ ਕਿ ਮਨੁੱਖ ਘਟੀਆ ਕਿਸਮ ਦੇ ਕੰਮ ਤੇ ਸੋਚ ਤਿਆਗ ਕੇ ਸਿਰਫ਼ ਉਨ੍ਹਾਂ ਗੱਲਾਂ ਬਾਰੇ ਹੀ ਸੋਚੇ ਤੇ ਉਹੀ ਕੰਮ ਕਰੇ, ਜੋ ਸਮੁੱਚੇ ਸਮਾਜ ਲਈ ਲਾਭਦਾਇਕ ਤੇ ਕਲਿਆਣਕਾਰੀ ਹੋਣ। ਉਹ ਆਪਣੇ ਲਾਭਾਂ ਨਾਲ ਦੂਜਿਆਂ ਦੇ ਲਾਭ ਤੇ ਇੱਛਾਵਾਂ ਦਾ ਵੀ ਖਿਆਲ ਰੱਖੇ। ਅਜਿਹੇ ਮਨੁੱਖ ਦੇ ਮਨ ਨੂੰ ਜਿੱਤਿਆ ਹੋਇਆ ਮਨ ਆਖਿਆ ਜਾ ਸਕਦਾ ਹੈ। ਚੰਗੀ ਸੋਚ ਚੰਗੀ ਸ਼ਖ਼ਸੀਅਤ ਦਾ ਨਿਰਮਾਣ ਕਰਦੀ ਹੈ। ਸੋਚ ਦੇ ਬਦਲਣ ਨਾਲ ਇਨਸਾਨ ਦੇ ਕੰਮ ਕਰਨ ਦੇ ਢੰਗ ਵਿਚ ਵੀ ਇਕਦਮ ਪਰਿਵਰਤਨ ਆ ਜਾਂਦਾ ਹੈ। ਕਿਸੇ ਦੀ ਸਹਾਇਤਾ ਕਰਕੇ ਮਨ ਨੂੰ ਮਿਲਿਆ ਸਕੂਨ ਚੰਗੀ ਅਤੇ ਨਿੱਗਰ ਸੋਚ ਦੀ ਤਰਜ਼ਮਾਨੀ ਕਰਦਾ ਹੈ ਤੇ ਇਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਮਹਾਤਮਾ ਬੁੱਧ ਅਨੁਸਾਰ, ‘ਅਸੀਂ ਜੋ ਕੁਝ ਹਾਂ, ਆਪਣੇ ਵਿਚਾਰਾਂ ਦੇ ਨਤੀਜੇ ਹਾਂ।’ ਸਾਡੀ ਮਾਨਸਿਕ ਸਿਹਤ ਸਰੀਰਕ ਸਿਹਤ ’ਤੇ ਸਿੱਧਾ ਅਸਰ ਕਰਦੀ ਹੈ। ਜੇ ਸਾਡੀ ਮਾਨਸਿਕ ਸਿਹਤ ਠੀਕ ਨਹੀਂ ਤਾਂ ਸਿਹਤ ਦੀਆਂ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ ਜਿਵੇਂ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਕਮਜ਼ੋਰ ਪ੍ਰਤੀਰੋਧਕ ਪ੍ਰਣਾਲੀ, ਦਮਾ, ਮੋਟਾਪਾ ਆਦਿ ਸਮੱਸਿਆਵਾਂ ਅਤੇ ਅਚਨਚੇਤੀ ਮੌਤ ਵੀ। ਮਨ ’ਚੋਂ ਉੱਠੇ ਨਕਾਰਾਤਮਕ ਵਿਚਾਰ ਅਕਸਰ ਨਿਰਾਸ਼ਾ ਦਾ ਕਾਰਨ ਬਣਦੇ ਹਨ। ਮਨੋਰੋਗ ਇਸੇ ਕੜੀ ਦਾ ਹਿੱਸਾ ਹਨ। ਖੁਦਕੁਸ਼ੀਆਂ ਦਾ ਮੁੱਖ ਕਾਰਨ ਇਹੀ ਹਨ। ਮਨ ਉੱਤੇ ਮਾੜੇ ਵਿਚਾਰਾਂ ਦਾ ਹਾਵੀ ਹੋ ਜਾਣਾ ਮਨ ਨੂੰ ਬੇਕਾਬੂ ਕਰ ਦਿੰਦਾ ਹੈ, ਜਿਸ ਦਾ ਸਾਡੀ ਸੋਚ ਅਤੇ ਵਿਵਹਾਰ ਉੱਤੇ ਬਹੁਤ ਨਕਾਰਾਤਮਕ ਅਸਰ ਪੈਂਦਾ ਹੈ।
ਮਨੋਵਿਗਿਆਨ ਅਨੁਸਾਰ ਸਾਡਾ ਦਿਮਾਗ਼ ਐਨਾ ਸ਼ਕਤੀਸ਼ਾਲੀ ਹੈ ਕਿ ਇਹ ਓਹੀ ਬਿਮਾਰੀ ਨੂੰ ਸਰੀਰ ਵਿਚ ਪੈਦਾ ਕਰ ਸਕਦਾ ਹੈ ਜਿਸ ਬਾਰੇ ਅਸੀਂ ਸੋਚ ਕੇ ਡਰਦੇ ਰਹਿੰਦੇ ਹਾਂ। ਮਾਹਿਰਾਂ ਅਨੁਸਾਰ ਸਾਡੇ ਖਾਣ ਪੀਣ ਦੀਆਂ ਗ਼ਲਤ ਆਦਤਾਂ, ਪੁਰਖਿਆਂ ਤੋਂ ਜੀਨਜ਼ ਰਾਹੀਂ ਆਈਆਂ ਬਿਮਾਰੀਆਂ, ਨਸ਼ਿਆਂ ਜਾਂ ਕਸਰਤ ਦੀ ਘਾਟ ਕਾਰਨ ਹੋਈਆਂ ਬਿਮਾਰੀਆਂ ਕਾਰਨ ਬਿਨਾਂ ਸ਼ੱਕ ਮੌਤਾਂ ਹੁੰਦੀਆਂ ਹਨ, ਪਰ ਸਾਡੀ ਮਾਨਸਿਕ ਸੋਚ ਸਾਡੀ ਮੌਤ ਦੀ ਜ਼ਿੰਮੇਵਾਰ ਜ਼ਿਆਦਾ ਹੁੰਦੀ ਹੈ। ਕੈਂਸਰ ਦੀ ਬਿਮਾਰੀ ਵਿਚ 32% ਮੌਤਾਂ ਮਾਨਸਿਕ ਤਣਾਅ ਕਾਰਨ ਹੁੰਦੀਆਂ ਹਨ, ਇਸ ਤੋਂ ਦੁੱਗਣੀਆਂ ਦਿਲ ਦੇ ਦੌਰੇ ਨਾਲ ਤੇ ਇਸ ਤੋਂ ਤਿੱਗਣੀਆਂ ਸਾਹ ਦੀ ਬਿਮਾਰੀ ਕਾਰਨ। ਇਸ ਲਈ ਤੰਦਰੁਸਤ ਰਹਿਣ ਲਈ ਸਕਾਰਾਤਮਕ ਰਹਿਣਾ ਬਹੁਤ ਜ਼ਰੂਰੀ ਹੈ। ਮਨੋਵਿਗਿਆਨ ਵਿਚ ਸਕਾਰਾਤਮਕ ਸੋਚ ਨੂੰ ਤਣਾਅ ਅਤੇ ਨਿਰਾਸ਼ਾ ਦਾ ਮੁਕਾਬਲਾ ਕਰਨ ਲਈ ਇਕ ਸੰਦ ਮੰਨਿਆ ਜਾਂਦਾ ਹੈ, ਜਿਹੜਾ ਦਿਨ ਪ੍ਰਤੀ ਦਿਨ ਵਿਅਕਤੀ ਦੀ ਸਿਹਤ ਵਿਚ ਸੁਧਾਰ ਲਿਆਉਣ ਵਿਚ ਸਹਾਇਤਾ ਕਰਦਾ ਹੈ ਤੇ ਕਿਸੇ ਵੀ ਬਿਮਾਰੀ ਨੂੰ ਟੱਕਰ ਦੇ ਸਕਦਾ ਹੈ। ਸਕਾਰਾਤਮਕ ਸੋਚ ਨਕਾਰਾਤਮਕਤਾ ਨੂੰ ਭੰਗ ਕਰ ਦਿੰਦੀ ਹੈ। ਸਕਾਰਾਤਮਕ ਰਵੱਈਆ ਪਾਣੀ ਦੇ ਗਲਾਸ ਨੂੰ ਅੱਧਾ ਖਾਲੀ ਗਲਾਸ ਦੀ ਬਜਾਏ ਅੱਧਾ ਭਰਿਆ ਵੇਖਣ ਦੀ ਅਨੁਕੂਲਤਾ ਨਾਲ ਜੁੜਿਆ ਹੈ।
ਇਹ ਤੁਹਾਡੀਆਂ ਸੋਚਾਂ ਹੀ ਹਨ ਜਿਹੜੀਆਂ ਤੁਹਾਨੂੰ ਅਤੇ ਤੁਹਾਡੇ ਜੀਵਨ ਨੂੰ ਸਿਰਜ ਰਹੀਆਂ ਹਨ। ਇਨ੍ਹਾਂ ਸੋਚਾਂ ਕਾਰਨ ਤੁਹਾਡੀ ਜ਼ਿਦੰਗੀ ਵਿਚ ਕੁਝ ਗ਼ਲਤ ਵਾਪਰਦਾ ਹੈ ਤੇ ਇਹੀ ਸੋਚਾਂ ਕਾਰਨ ਚੰਗਾ ਵਾਪਰਦਾ ਹੈ। ਇਸ ਲਈ ਹਮੇਸ਼ਾਂ ਸਕਾਰਾਤਮਕ ਸੋਚ ਦੇ ਧਾਰਨੀ ਬਣਨਾ ਚਾਹੀਦਾ ਹੈ। ਕਈ ਇਨਸਾਨ ਆਪਣੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਂਦੇ ਹਨ ਤੇ ਕਈ ਆਪਣੀ ਖ਼ੁਸ਼ਗਵਾਰ ਜ਼ਿੰਦਗੀ ਨੂੰ ਡਿੱਗਦੇ ਹੌਸਲਿਆਂ ਸਦਕਾ ਨਰਕੀ ਕੁੰਭ ਮੰਨਣ ਲੱਗ ਪੈਂਦੇ ਹਨ।
ਸਾਡੇ ਅਵਚੇਤਨ ਮਨ ’ਤੇ ਪਏ ਨਕਾਰਾਤਮਕ ਊਰਜਾ ਦੇ ਪ੍ਰਭਾਵ ਕਾਰਨ ਹੀ ਸਾਡਾ ਸਰੀਰ ਥੱਕਿਆ-ਥੱਕਿਆ ਮਹਿਸੂਸ ਹੁੰਦਾ ਹੈ ਤੇ ਕੁਝ ਚੰਗਾ ਨਹੀਂ ਲੱਗਦਾ। ਨਕਾਰਾਤਮਕ ਊਰਜਾ ਸਾਡੇ ਮਨੋਬਲ ਨੂੰ ਖ਼ਤਮ ਕਰ ਦਿੰਦੀ ਹੈ ਤੇ ਅਸੀਂ ਔਖੇ ਹਾਲਾਤ ਅੱਗੇ ਹਾਰ ਮੰਨ ਲੈਂਦੇ ਹਾਂ। ਜਦੋਂ ਕਿਸੇ ਵਿਪਰੀਤ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਭ ਤੋਂ ਭੈੜੇ ਬਾਰੇ ਨਹੀਂ, ਪਰ ਸਭ ਤੋਂ ਵਧੀਆ ਬਾਰੇ ਸੋਚੋ। ਸਕਾਰਾਤਮਕ ਵਿਚਾਰਾਂ ਦਾ ਮਤਲਬ ਇਹ ਨਹੀਂ ਕਿ ਸਮੱਸਿਆਵਾਂ ਤੋਂ ਪਰਹੇਜ਼ ਕਰੋ ਜਾਂ ਸਾਡੇ ਆਲੇ ਦੁਆਲੇ ਜੋ ਹੋ ਰਿਹਾ ਹੈ ਉਸ ਨੂੰ ਨਜ਼ਰਅੰਦਾਜ਼ ਕਰੋ। ਸਾਨੂੰ ਆਪਣੇ ਮਨ ਦੀ ਇੱਛਾ ਨੂੰ ਇਸ ਕਦਰ ਪ੍ਰਬਲ ਬਣਾਈ ਰੱਖਣਾ ਚਾਹੀਦਾ ਹੈ ਕਿ ਜ਼ਰਾ ਜਿੰਨੀ ਵੀ ਅਸਫਲਤਾ, ਨਾਕਾਮੀ ਸਾਨੂੰ ਤਣਾਅ ਜਾਂ ਚਿੰਤਾਵਾਂ ਦੇ ਸਾਗਰ ਵਿਚ ਨਾ ਖਿੱਚ ਕੇ ਲੈ ਜਾਵੇ ਤੇ ਅਸੀਂ ਹਮੇਸ਼ਾਂ ਇਕ ਜੇਤੂ, ਸਮਰੱਥ ਤੇ ਕਾਮਯਾਬ ਯੋਧੇ ਦੀ ਤਰ੍ਹਾਂ ਉੱਭਰੀਏ ਤੇ ਜੀਵਨ ਦੇ ਹਰ ਸੰਘਰਸ਼ ਦਾ ਸਾਹਮਣਾ ਸਫਲਤਾ ਨਾਲ ਕਰ ਸਕੀਏ। ਚੰਗੀ ਉਸਾਰੂ ਸੋਚ ਇਕ ਫੱਟੜ ਅਤੇ ਕੁਮਲਾਈ ਸੋਚ ਦੇ ਮੁਕਾਬਲੇ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੀ ਹੈ।
‘ਮਨ ਹਰਾਮੀ, ਹੁੱਜਤਾਂ ਢੇਰ’। ਪਲ ਪਲ ਬਦਲਦੇ ਪਾਰੇ ਵਾਂਗ ਡੋਲਦੇ ਚੰਚਲ, ਹਰਾਮੀ ਮਨ ਦੇ ਵਿਚਾਰਾਂ ’ਤੇ ਜੇਕਰ ਕਾਬੂ ਪਾ ਲਿਆ ਜਾਵੇ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਨੈਤਿਕ ਕਦਰਾਂ ਕੀਮਤਾਂ ਵਾਲਾ ਸਿਹਤਮੰਦ ਸਮਾਜ ਮੁੜ ਸੁਰਜੀਤ ਹੋ ਜਾਵੇਗਾ। ਸਿਦਕ ਅਤੇ ਸਿਰੜ ਦਿਮਾਗ਼ ਦੇ ਵਿਚਾਰਾਂ ਨੂੰ ਸਥਾਈ ਰੱਖ ਕੇ ਇਨਸਾਨ ਨੂੰ ਕੁਝ ਚੰਗਾ ਕਰਨ ਲਈ ਪ੍ਰੇਰਿਤ ਕਰਦਾ ਹੈ। ਨਕਾਰਾਤਮਕ ਵਿਚਾਰਾਂ ਨੂੰ ਤਿਲਾਂਜਲੀ ਦੇ ਕੇ ਸਕਾਰਾਤਮਕ ਸੋਚ ਅਪਣਾ ਕੇ ਮਨੋਬਲ ਉੱਚਾ ਰੱਖੀਏ ਤਾਂ ਦੁਨੀਆ ਵਿਚ ਅਜਿਹਾ ਕੁਝ ਨਹੀਂ ਜੋ ਅਸੀਂ ਨਹੀਂ ਕਰ ਸਕਦੇ।
ਸੰਪਰਕ: 94178-31583