ਸਾਂਵਲ ਧਾਮੀ
ਡੇਰਾ ਬਾਬਾ ਨਾਨਕ ਤੋਂ ਲਹਿੰਦੀ ਦਿਸ਼ਾ ’ਚ ਰਾਵੀ ਤੋਂ ਪਾਰ ਕਰਤਾਰਪੁਰ ਸਾਹਿਬ ਗੁਰਦੁਆਰਾ ਹੈ। ਜੇ ਕਰਤਾਰਪੁਰ ਸਾਹਿਬ ਤੋਂ ਛੇ-ਸੱਤ ਕਿਲੋਮੀਟਰ ਸਿੱਧੇ ਲੰਘ ਜਾਈਏ ਤਾਂ ਡੋਡਾ, ਚੱਕ ਮਾਣਕ ਤੇ ਕਪੂਰ ਦੇਵ ਪਿੰਡਾਂ ਤੋਂ ਬਾਅਦ ਕੰਜਰੂੜ ਕਸਬਾ ਆ ਜਾਂਦਾ ਹੈ। ਸੰਤਾਲੀ ਵੇਲੇ ਇਹ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ’ਚ ਪੈਂਦੇ ਸਨ। ਹੁਣ ਸ਼ਕਰਗੜ੍ਹ ਦਾ ਜ਼ਿਲ੍ਹਾ ਨਾਰੋਵਾਲ ਹੈ। ਵੰਡ ਵੇਲੇ ਨਾਰੋਵਾਲ ਸਿਆਲਕੋਟ ਜ਼ਿਲ੍ਹੇ ਦੀ ਤਹਿਸੀਲ ਹੁੰਦਾ ਸੀ। ਇਨ੍ਹਾਂ ਪਿੰਡਾਂ ਨੂੰ ਕਰਤਾਰਪੁਰ ਸਾਹਿਬ ਦਾ ਸਟੇਸ਼ਨ ਲੱਗਦਾ ਸੀ।
ਫਤਿਹਪੁਰ, ਕੰਜਰੂੜ, ਜੱਤਾਰ, ਵੀਰਮ, ਭੀਆਂ, ਕਪੂਰ ਦੇਵ ਤੇ ਮੀਆਂਵਾਲੀ; ਇਹ ਸੱਤ ਪਿੰਡ ਦੱਤ ਬ੍ਰਾਹਮਣਾਂ ਦੀ ਮਲਕੀਅਤ ਸਨ। ਕੰਜਰੂੜ ’ਚ ਦੀਵਾਨ ਲਖ਼ਮੀ ਚੰਦ ਦੱਤ ਦਾ ਮਹੱਲ ਸੀ। ਦੀਵਾਨ ਲਖ਼ਮੀ ਚੰਦ ਦੇ ਮਹੱਲ ਦੇ ਪਿੱਛਵਾੜਿਓਂ ਵੇਈਂ ਲੰਘਦੀ ਸੀ। ਇਸ ਇਲਾਕੇ ਦੇ ਲੋਕ ਡੇਰਾ ਬਾਬਾ ਨਾਨਕ ਆਉਣ ਲਈ ਮਿਆਧੀਆਂ ਨਾਨੋ ਪੱਤਣ ’ਤੋਂ ਬੇੜੀਆਂ ’ਚ ਬੈਠਦੇ ਸਨ। ਇਸੀ ਇਲਾਕੇ ਦੇ ਪਿੰਡ ਕਪੂਰ ਦੇਵ ਪਿੰਡ ਦੀ ਜੰਮੀ-ਜਾਈ ਬੀਬੀ ਵੇਦੋ ਅੱਜਕੱਲ੍ਹ ਅੰਮ੍ਰਿਤਸਰ ਦੇ ਕਸਬੇ ਛੇਹਰਟੇ ’ਚ ਵੱਸਦੀ ਹੈ। ਜੰਮਣ ਭੋਇੰ ਛੱਡਿਆਂ ਪੌਣੀ ਸਦੀ ਬੀਤ ਚੱਲੀ ਏ, ਪਰ ਭੀੜੀ ਜਿਹੀ ਗਲ਼ੀ ਦੇ ਦਰਮਿਆਨੇ ਜਿਹੇ ਮਕਾਨ ’ਚ ਬੈਠੀ ਉਹ ਅੱਜ ਵੀ ਆਪਣੀ ਔਲਾਦ ਤੋਂ ਚੋਰੀ-ਚੋਰੀ ਰੋ ਲੈਂਦੀ ਹੈ। ਉਹਦੇ ਪਿਤਾ ਦਾ ਨਾਂ ਭਗਤ ਰਾਮ ਅਤੇ ਮਾਂ ਦਾ ਨਾਂ ਦਰੋਪਦੀ ਸੀ। ਦੋ ਵਰ੍ਹੇ ਪਹਿਲਾਂ ਉਹਦਾ ਵੱਡਾ ਭਰਾ ਦੁਨੀਆ ਤੋਂ ਰੁਖ਼ਸਤ ਹੋ ਗਿਆ। ਉਹ ਪਚੱਨਵੇਂ ਵਰ੍ਹਿਆਂ ਦਾ ਸੀ। ਭੈਣ-ਭਾਈ ਜਦੋਂ ਵੀ ਮਿਲਦੇ ਤਾਂ ਕੰਜਰੂੜ, ਮੀਆਂਵਾਲੀ, ਕਪੂਰ ਦੇਵ, ਵੀਰਮ, ਚੰਦਰ ਕੇ ਆਦਿ ਪਿੰਡਾਂ ਦੀਆਂ ਗੱਲਾਂ ਕਰਦੇ।
ਇਨ੍ਹਾਂ ਪਿੰਡਾਂ ਨਾਲ ਉਨ੍ਹਾਂ ਦਾ ਗੂੜ੍ਹਾ ਰਿਸ਼ਤਾ ਸੀ। ਉਹ ਕਪੂਰ ਦੇਵ ਪਿੰਡ ’ਚ ਪੈਦਾ ਹੋਏ ਸਨ। ਵੀਰਮ ਸਕੂਲ ’ਚ ਪੜ੍ਹਦੇ ਰਹੇ ਸਨ। ਉੱਜੜਨ ਮਗਰੋਂ ਮੀਆਂਵਾਲੀ ’ਚ ਉਨ੍ਹਾਂ ਨਾਲ ਇਕ ਹਾਦਸਾ ਹੋਇਆ ਸੀ। ਲੁੱਟੇ-ਪੁੱਟੇ ਨੇੜਲੇ ਪਿੰਡਾਂ ਦੇ ਹਿੰਦੂ-ਸਿੱਖ ਕੰਜਰੂੜ ’ਚ ਇਕੱਠੇ ਹੋਏ ਸਨ। ਇੱਥੋਂ ਹੀ ਮੁਸਲਮਾਨ ਥਾਣੇਦਾਰ ਨੇ ਆਪਣੀ ਹਿਫ਼ਾਜ਼ਤ ’ਚ ਉਨ੍ਹਾਂ ਦਾ ਕਾਫ਼ਲਾ ਤੋਰਿਆ ਸੀ ਤੇ ਰਾਵੀ ਪਾਰ ਕਰਵਾ ਕੇ ਉਨ੍ਹਾਂ ਨੂੰ ਡੇਰਾ ਬਾਬਾ ਨਾਨਕ ਪਹੁੰਚਾਇਆ ਸੀ।
ਚੰਦਰਕੇ ਪਿੰਡ ਨਾਲ ਉਨ੍ਹਾਂ ਦਾ ਰਿਸ਼ਤਾ ਬੜਾ ਦਰਦ-ਭਰਿਆ ਤੇ ਅਨੋਖਾ ਹੈ। ਮੀਆਂਵਾਲੀ ’ਚ ਇਸ ਟੱਬਰ ਨਾਲ ਹੋਏ ਦਰਦਨਾਕ ਹਾਦਸੇ ਦੇ ਸੂਤਰਧਾਰ ਚੰਦਰਕਿਆਂ ਦੇ ਮੁਸਲਮਾਨ ਸਨ।
ਬੀਬੀ ਵੇਦੋ ਦੇ ਪੰਜ ਭਰਾ ਤੇ ਇਕ ਭੈਣ ਸੀ। ਭਰਾਵਾਂ ਦੇ ਨਾਂ ਬਲਦੇਵ, ਵੇਦ ਪ੍ਰਕਾਸ਼, ਬਾਲ ਕਿਸ਼ਨ, ਓਮ ਪ੍ਰਕਾਸ਼ ਤੇ ਸੋਮ ਨਾਥ ਸੀ। ਭੈਣ ਦਾ ਨਾਂ ਸੋਮਾ ਦੇਵੀ ਸੀ। ਬੀਤੇ ਵਕਤ ਨੂੰ ਯਾਦ ਕਰਦਿਆਂ ਬੀਬੀ ਵੇਦੋ ਬੋਲੀ,“ਮੇਰਾ ਵੱਡਾ ਭਰਾ ਸੋਮ ਨਾਥ ਵੀਰਮ ਪੜ੍ਹਨ ਜਾਂਦਾ ਹੁੰਦਾ ਸੀ। ਉਹਨੂੰ ਮੁੱਲਾ ਪੜ੍ਹਾਉਂਦੇ ਸੀ। ਸੋਮਾ ਨੇ ਵੀ ਓਥੋਂ ਹੀ ਪੰਜ ਜਮਾਤਾਂ ਪੜ੍ਹੀਆਂ ਸਨ। ਓਥੇ ਮੰਦਰ ’ਚ ਕੁੜੀਆਂ ਦਾ ਸਕੂਲ ਹੁੰਦਾ ਸੀ। ਸੰਸਕ੍ਰਿਤ ਤੇ ਹਿੰਦੀ ਪੜ੍ਹੀ ਸੀ ਉਹਨੇ। ਸੁਨੱਖੀ ਵੀ ਬੜੀ ਸੀ। ਮੇਰੀ ਮਾਂ ਨੇ ਉਹਨੂੰ ਕਿਸੇ ਕੋਲ ਬਹਿਣ ਖਲੋਣ ਨਾ ਦੇਣਾ। ਉਹਨੂੰ ਇਹੋ ਡਰ ਲੱਗਿਆ ਰਹਿੰਦਾ ਸੀ ਕਿ ਕਿਤੇ ਉਹਦੀ ਧੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ। ਭਰਾਵਾਂ ਨੇ ਜਦੋਂ ਉਹਨੂੰ ਬਾਹਰ ਖੜ੍ਹਨਾ ਤਾਂ ਉਹਦੇ ਉੱਤੇ ਚਾਦਰ ਦੇ ਕੇ ਖੜਨਾ। ਸਾਡਾ ਪਿਉ ਵੀ ਧੀਆਂ ਨੂੰ ਬੜਾ ਮੋਹ ਕਰਦਾ ਹੁੰਦਾ ਸੀ। ਉਹ ਤਾਂ ਬਹੁਤ ਹੀ ਲਾਡਲੀ ਸੀ। ਸਾਡਾ ਸਭ ਨਾਲੋਂ ਵੱਡਾ ਭਰਾ ਸਾਧੂ ਬਣ ਗਿਆ ਸੀ। ਉਹਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਧਰ ਚਲਾ ਗਿਆ। ਛੋਟੇ ਭਾਈ ਖੇਤੀ ਕਰਦੇ ਸਨ। ਘਰ ਦੀ ਜ਼ਮੀਨ ਸੀ। ਪਿਉ ਨੌਕਰੀ ਕਰਦਾ ਸੀ। ਸਭ ਕੁਝ ਬੜਾ ਚੰਗਾ ਸੀ ਪਰ…” ਗੱਲ ਕਰਦੀ ਉਹ ਚਾਣਚੱਕ ਚੁੱਪ ਹੋ ਗਈ।
ਮੈਂ ਸੰਤਾਲੀ ਬਾਰੇ ਪੁੱਛਿਆ ਤਾਂ ਉਹ ਬੋਲੀ, “ਰੌਲਿਆਂ ਵੇਲੇ ਮੇਰੀ ਉਮਰ ਦਸ ਕੁ ਸਾਲ ਸੀ। ਸੋਮਾ ਤਿੰਨ ਭਰਾਵਾਂ ਨਾਲੋਂ ਵੱਡੀ ਸੀ। ਉਹ ਅਠਾਰਾਂ ਕੁ ਸਾਲਾਂ ਦੀ ਹੋਵੇਗੀ। ਨੇੜੇ-ਤੇੜੇ ਦੇ ਪਿੰਡਾਂ ’ਚ ਹੁੰਦੀਆਂ ਲੜਾਈਆਂ ਦੀਆਂ ਖ਼ਬਰਾਂ ਆਉਣ ਲੱਗੀਆਂ। ਜਦੋਂ ਰੌਲਾ ਵਧ ਗਿਆ ਤਾਂ ਨੇੜੇ ਕੰਜਰੂੜ ਸੀ ਦੱਤਾਂ ਦਾ। ਸਾਡੇ ਪਿੰਡ ਵਾਲਿਆਂ ’ਚੋਂ ਕੁਝ ਨੇ ਧੀਆਂ ਲਈ ਜੋੜਿਆ ਦਾਜ, ਗਹਿਣਾ-ਗੱਟਾ ਤੇ ਹੋਰ ਕੀਮਤੀ ਸਾਮਾਨ ਕੰਜਰੂੜ ਪਹੁੰਚਾ ਦਿੱਤਾ। ਓਥੇ ਵਕੀਲਾਂ ਦਾ ਕੋਈ ਬਹੁਤ ਵੱਡਾ ਘਰ ਸੀ। ਹਿੰਦੂ-ਸਿੱਖਾਂ ਨੂੰ ਯਕੀਨ ਸੀ ਕਿ ਜੇ ਗੁਰਦਾਸਪੁਰ ਭਾਰਤ ਨੂੰ ਮਿਲ ਗਿਆ ਤਾਂ ਸ਼ਕਰਗੜ੍ਹ ਉਹਦੇ ਨਾਲੋਂ ਟੁੱਟ ਕੇ ਪਾਕਿਸਤਾਨ ਨੂੰ ਕਿਵੇਂ ਮਿਲ ਸਕਦਾ? ਪਰ ਉਹੀ ਹੋਇਆ ਜਿਹਦਾ ਡਰ ਸੀ। ਸ਼ਕਰਗੜ੍ਹ ਤਹਿਸੀਲ ਗੁਰਦਾਸਪੁਰ ਨਾਲੋਂ ਤੋੜ ਕੇ ਸਿਆਲਕੋਟ ਨਾਲ ਜੋੜ ਦਿੱਤੀ ਗਈ। ਇਸ ਐਲਾਨ ਨਾਲ ਰੌਲਾ-ਰੱਪਾ ਹੋਰ ਵੀ ਵਧ ਗਿਆ। ਦੱਤਾਂ ਦੇ ਪਿੰਡਾਂ ਨੇ ਉੱਠਣ ਦਾ ਫ਼ੈਸਲਾ ਕਰ ਲਿਆ। ਪਿੰਡ ਛੱਡ ਕੇ ਅਸੀਂ ਇਕ ਰਾਤ ਕਿਸੇ ਬਾਗ਼ ’ਚ ਗੁਜ਼ਾਰੀ। ਅਗਲੇ ਦਿਨ ਓਥੋਂ ਅਸੀਂ ਡੇਰਾ ਬਾਬਾ ਨਾਨਕ ਆਉਣਾ ਸੀ।” ਬੀਬੀ ਨੇ ਗੱਲ ਮੁਕਾਈ।
ਦੀਵਾਨ ਲਖ਼ਮੀ ਚੰਦ ਦਾ ਪਰਿਵਾਰ ਚੌਵੀ ਅਗਸਤ ਨੂੰ ਕੰਜਰੂੜ ’ਚੋਂ ਨਿਕਲਿਆ ਸੀ ਤੇ ਪਿੰਡਾਂ ਵਾਲੇ ਦੱਤ ਪੱਚੀ ਨੂੰ ਪਿੰਡਾਂ ’ਚੋਂ ਨਿਕਲੇ ਸਨ। ਦੀਵਾਨ ਨੇ ਮਹੱਲ ’ਚੋਂ ਨਿਕਲਦਿਆਂ ਐਲਾਨ ਕੀਤਾ ਸੀ ‘ਮੈਂ ਹਿੰਦੋਸਤਾਨ ਚੱਲਿਆ ਜੇ। ਫਿਰ ਨਾ ਆਖਣਾ ਕਿ ਦੀਵਾਨ ਤੁਹਾਨੂੰ ਦੱਸੇ ਬਿਨਾਂ ਛੱਡ ਕੇ ਚਲਾ ਗਿਆ। ਜਿਹਨੇ ਜਾਣਾ ਏ, ਬਾਹਰ ਨਿਕਲ ਆਓ।’ ਇਹ ਗੱਲ ਸਿਰਫ਼ ਕੰਜਰੂੜ ਵਾਲਿਆਂ ਨੇ ਸੁਣੀ ਸੀ ਤੇ ਉਹ ਦੀਵਾਨ ਹੋਰਾਂ ਨਾਲ ਤੁਰ ਪਏ ਸਨ। ਪਿੰਡਾਂ ਵਾਲੇ ਦੱਤ ਅਗਲੇ ਦਿਨ ਪੱਤਣ ਵੱਲ ਨੂੰ ਤੁਰੇ ਸਨ।
“ਮੈਂ ਅੱਖੀਂ ਦੇਖਿਆ…” ਬੀਬੀ ਵੇਦੋ ਅਗਾਂਹ ਬੋਲੀ।
“…ਕਿ ਕਿਸੇ ਲੁਟੇਰੇ ਨੇ ਹਿੰਦੂ ਔਰਤ ਦੇ ਸਿਰ ਤੋਂ ਗੱਠੜੀ ਧਰੂਹੀ। ਪਿੱਛੇ ਇਕ ਸਰਦਾਰ ਊਠਣੀ ’ਤੇ ਆਉਂਦਾ ਪਿਆ ਸੀ। ਉਹਦੇ ਕੋਲ ਕਿਤੇ ਦੇਸੀ ਬੰਬ ਸੀ। ਉਹਨੇ ਉਹ ਬੰਬ ਕੱਢ ਮਾਰਿਆ। ਲੁਟੇਰਾ ਤਾਂ ਬਚ ਗਿਆ, ਪਰ ਕੋਈ ਮੁਸਲਮਾਨ ਗ਼ਰੀਬ ਔਰਤ ਜੋ ਦਾਣੇ ਇਕੱਠੇ ਕਰਦੀ ਪਈ ਸੀ, ਉਹ ਵਿਚਾਰੀ ਮਰ ਗਈ। ਊਠਣੀ ਵਾਲਾ ਤਾਂ ਅਗਾਂਹ ਲੰਘ ਗਿਆ, ਪਰ ਸਾਨੂੰ ਮੁਸਲਮਾਨਾਂ ਨੇ ਘੇਰ ਲਿਆ। ਬਾਕੀ ਸਾਰੇ ਅੱਗੇ-ਪਿੱਛੇ ਹੋ ਗਏ, ਪਰ ਮੇਰਾ ਭਾਪਾ ਓਥੇ ਖੜ੍ਹਾ ਰਿਹਾ। ਉਹਨੂੰ ਸੋਟਿਆਂ ਵਾਲੇ ਕਹਿਣ ਲੱਗੇ-ਕੀ ਗੱਲ ਆ? ਤੂੰ ਅੱਗੇ-ਪਿੱਛੇ ਕਿਉਂ ਨਹੀਂ ਹੁੰਦਾ? ਦਰਅਸਲ, ਮੇਰੀ ਮਾਂ ਦੇ ਗਹਿਣਿਆਂ ਵਾਲੀ ਪੋਟਲੀ ਮੇਰੇ ਭਾਪੇ ਨੇ ਬੂਝੇ ’ਚ ਦਿੱਤੀ ਸੀ। ਉਹ ਘੜੀ-ਮੁੜੀ ਕਹਿਣ ਕਿ ਇੱਧਰ ਨੂੰ ਹੋ, ਉੱਧਰ ਨੂੰ ਕਿਉਂ ਹੋਈ ਜਾਂਦਾ? ਮੇਰੇ ਭਾਪੇ ਨੇ ਅੱਖ ਬਚਾ ਕੇ ਉਹ ਗਹਿਣੇ ਬੂਝੇ ’ਚੋਂ ਕੱਢ ਕੇ ਆਪਣੀ ਪੱਗ ’ਚ ਦੇ ਲਏ। ਉਹ ਸਾਨੂੰ ਲੁੱਟਣ ਲੱਗ ਪਏ। ਚੁਫ਼ੇਰੇ ਚੀਕ-ਚਿਹਾੜਾ ਪੈ ਗਿਆ। ਓਥੇ ਅਸੀਂ ਨਿਖੜ ਗਏ। ਭੀਆਂ ਪਿੰਡ ਵਾਲਿਆਂ ਨਾਲ ਸਾਡੇ ਮਾਪੇ ਤੇ ਭਰਾ ਵੀ ਰਾਵੀ ਪਾਰ ਕਰਕੇ ਇੱਧਰ ਆ ਗਏ। ਮੈਂ, ਸੋਮਾ, ਸਾਡੀਆਂ ਮਾਸੀਆਂ ਤੇ ਚਾਚੇ ਪਿਛਾਂਹ ਵੱਲ ਮੁੜ ਪਏ।
ਤੁਰਦਾ-ਤੁਰਦਾ ਸਾਡਾ ਕੁਟੰਬ ਮੀਆਂਵਾਲੀ ਪਿੰਡ ’ਚ ਪਹੁੰਚ ਗਿਆ। ਇਹ ਵੀ ਦੱਤਾਂ ਦਾ ਪਿੰਡ ਸੀ। ਸਿਆਣੇ ਕਹਿਣ ਲੱਗੇ-ਇੱਥੇ ਹਮਲਾ ਨਹੀਂ ਪੈਣਾ। ਅਸੀਂ ਡਰਦਿਆਂ ਰਾਤ ਕੱਟੀ। ਸਵੇਰ ਸਾਰ ਬੰਦਿਆਂ ਨੇ ਕੁੜੀਆਂ ਅਤੇ ਔਰਤਾਂ ਨੂੰ ਤੂੜੀ ਵਾਲੇ ਕੋਠੇ ’ਚ ਵਾੜ ਕੇ ਬਾਹਰੋਂ ਜੰਦਰਾ ਲਗਾ ਦਿੱਤਾ ਤੇ ਆਪ ਬਾਹਰ ਪਹਿਰਾ ਦੇਣ ਲੱਗ ਪਏ।
ਅਗਲੀ ਸਵੇਰ ਧਾੜਵੀ ਮੀਆਂਵਾਲੀ ’ਚ ਵੀ ਆ ਗਏ। ਉਨ੍ਹਾਂ ਜੰਦਰਾ ਤੋੜਿਆ ਤੇ ਸਾਨੂੰ ਬਾਹਰ ਕੱਢ ਲਿਆ। ਜਿਉਂ ਹੀ ਸੋਮਾ ਦਰਵਾਜ਼ਿਓਂ ਬਾਹਰ ਆਈ, ਇਕ ਮੁਸਲਮਾਨ ਫੁਰਤੀ ਨਾਲ ਅੱਗੇ ਵਧਿਆ ਤੇ ਉਹਦੀ ਬਾਂਹ ਫੜ ਕੇ ਲੈ ਗਿਆ। ਉਸ ਬੰਦੇ ਨੇ ਗਲ ’ਚ ਪੋਟਲੀ ਜਿਹੀ ਪਾਈ ਹੋਈ ਸੀ। ਉਹ ਪੱਚੀ ਕੁ ਸਾਲਾਂ ਦਾ ਹੋਵੇਗਾ। ਉਹ ਸੋਮਾ ਦੀ ਬਾਂਹ ਫੜੀ ਉਹਨੂੰ ਘੜੀਸਦਾ ਲਈ ਜਾਂਦਾ ਸੀ ਤੇ ਵਿਚਾਰੀ ਸੋਮਾ ਮੂੰਹ ਘੁੰਮਾ ਕੇ ਰੋਈ ਜਾਂਦੀ ਸੀ। ਇੱਧਰ ਮੈਂ ਚੀਕਾਂ ਮਾਰਦੀ ਪਈ ਸਾਂ- ਉਹ ਮੇਰੀ ਭੈਣ ਨੂੰ ਲੈ ਗਏ। ਮੇਰੀ ਭੈਣ ਨੂੰ ਛੁਡਾਓ। ਉਹ ਮੇਰੀ ਮਾਸੀ ਦੀ ਵੱਡੀ ਕੁੜੀ ਨੂੰ ਵੀ ਲੈ ਗਏ ਸੀ। ਉਹ ਸਾਡੀ ਮਾਸੀ ਨੇ ਨੱਠ-ਭੱਜ ਕਰਕੇ ਲੱਭ ਲਿਆਂਦੀ ਸੀ। ਕਈ ਹੋਰ ਕੁੜੀਆਂ ਨੂੰ ਵੀ ਲੈ ਗਏ ਸਨ ਜੋ ਬਾਅਦ ’ਚ ਮਿਲਟਰੀ ਵਾਲਿਆਂ ਨੇ ਬਰਾਮਦ ਕਰ ਕੇ ਘਰੋਂ-ਘਰੀਂ ਪਹੁੰਚਾ ਦਿੱਤੀਆਂ ਸਨ।
ਇਸ ਹਾਦਸੇ ਤੋਂ ਬਾਅਦ ਅਸੀਂ ਮੀਆਂਵਾਲੀ ਤੋਂ ਕੰਜਰੂੜ ਚਲੇ ਗਏ। ਓਥੇ ਮੁਸਲਮਾਨ ਥਾਣੇਦਾਰ ਨੇ ਸਾਨੂੰ ਹੌਸਲਾ ਦਿੱਤਾ। ਸਾਡੇ ਲਈ ਆਪਣੇ ਮਕਾਨ ਦੇ ਦਰਵਾਜ਼ੇ ਖੋਲ੍ਹ ਦਿੱਤੇ। ਕਹਿਣ ਲੱਗਾ-ਘਬਰਾਓ ਨਾ। ਤੁਸੀਂ ਸਾਡੇ ਮਕਾਨਾਂ ’ਚ ਰਹੋ। ਜਦੋਂ ਮੌਕਾ ਲੱਗਿਆ ਮੈਂ ਤੁਹਾਨੂੰ ਪਾਰ ਟਪਾ ਦੇਵਾਂਗਾ। ਉਹੀ ਫਿਰ ਤੀਜੇ ਦਿਨ ਸਾਨੂੰ ਡੇਰਾ ਬਾਬਾ ਨਾਨਕ ਛੱਡ ਕੇ ਗਿਆ ਸੀ।” ਬੀਬੀ ਵੇਦਾ ਦੇ ਦੁੱਖ ਭਰੇ ਚਿਹਰੇ ’ਤੇ ਸ਼ਾਂਤੀ ਦਾ ਭਾਵ ਉੱਭਰ ਆਇਆ।
“ਬਾਅਦ ’ਚ ਸੋਮਾ ਦੇਵੀ ਦਾ ਕੋਈ ਸੁੱਖ-ਸੁਨੇਹਾ ਜਾਂ ਚਿੱਠੀ ਪੱਤਰ ਨਹੀਂ ਆਇਆ?” ਮੈਂ ਸਵਾਲ ਕੀਤਾ।
“ਉਸ ਵਿਚਾਰੀ ਦੀ ਕਦੇ ਕੋਈ ਖ਼ਬਰ ਨਾ ਮਿਲੀ। ਸਾਡੇ ਨਾਨਕੇ ਇੱਧਰ ਸਨ। ਉਹ ਦੋ ਮਹੀਨੇ ਪਹਿਲਾਂ ਨਾਨਕਿਆਂ ਦੇ ਵਿਆਹ ਦੇਖ ਕੇ ਗਈ ਸੀ। ਪਤਾ ਨਹੀਂ ਕਿੱਥੇ ਹੋਵੇਗੀ? ਓਥੇ ਸਾਰੇ ਇਹੋ ਕਹਿੰਦੇ ਸੀ ਕਿ ਉਹ ਜਥਾ ਚੰਦਰਕਿਆਂ ਦਾ ਏ। ਇਸ ਪਿੰਡ ਦੇ ਬੰਦੇ ਬੜੇ ਮਾਰਖ਼ੋਰੇ ਸਨ। ਮੈਂ ਤਾਂ ਅੱਜ ਵੀ ਉਹਦਾ ਸੁਨੇਹਾ ਉਡੀਕਦੀ ਰਹਿੰਦੀ ਆਂ। ਉਸ ਨਿਕਰਮੀ ਨੂੰ ਰੋਂਦੀ ਰਹਿੰਦੀ ਆਂ!” ਇਹ ਆਖ ਉਹ ਚੁੱਪ ਹੋ ਗਈ। “ਤੁਹਾਨੂੰ ਆਪਣੀ ਭੈਣ ਦੇ ਨੈਣ ਨਕਸ਼ ਯਾਦ ਨੇ?” ਮੈਂ ਅਗਾਂਹ ਪੁੱਛਿਆ। “ਦੇਵੀਆਂ ਵਰਗੀ ਸੋਹਣੀ ਸੀ ਉਹ। ਗੋਰੀ-ਚਿੱਟੀ ਤੇ ਸ਼ਾਂਤ-ਚਿੱਤ। ਮਾਪਿਆਂ ਦੀ ਲਾਡਲੀ ਧੀ। ਸਾਡਾ ਭਾਪਾ ਉਹਨੂੰ ਕਈ ਮਹੀਨੇ ਕੈਂਪਾਂ ’ਚ ਲੱਭਣ ਜਾਂਦਾ ਰਿਹਾ। ਜਦੋਂ ਉਹਨੂੰ ਇਉਂ ਲੱਗਿਆ ਕਿ ਹੁਣ ਉਹਦੀ ਧੀ ਨੇ ਕਦੇ ਨਹੀਂ ਮਿਲਣਾ ਤਾਂ ਉਹਨੇ ਕੰਧ ’ਚ ਸਿਰ ਮਾਰ-ਮਾਰ ਕੇ ਸਿਰ ਪਾੜ ਲਿਆ ਸੀ। ਫਿਰ ਜਾ ਕੇ ਹਸਪਤਾਲੋਂ ਟਾਂਕੇ ਲਗਵਾਉਣੇ ਪਏ ਸਨ। ਉਹ ਮੁੜ-ਮੁੜ ਇਕੋ ਗੱਲ ਕਹੀ ਜਾਂਦਾ ਸੀ -ਮੇਰੀ ਧੀ ਤਾਂ ਦਰੋਂ ਬਾਹਰ ਨਹੀਂ ਸੀ ਨਿਕਲਦੀ ਹੁੰਦੀ। ਆਹ ਕੀ ਹੋ ਗਿਆ ਉਹਦੇ ਨਾਲ?” ਇਹ ਆਖਦਿਆਂ ਬੀਬੀ ਵੇਦੋ ਬੀਬੀ ਦੀਆਂ ਅੱਖਾਂ ਭਰ ਆਈਆਂ। “ਉਹਦੇ ਮਿਲਣ ਦੀ ਹੁਣ ਕਿੰਨੀ ਕੁ ਆਸ ਏ?” ਮੈਂ ਆਖਰੀ ਸਵਾਲ ਕੀਤਾ।
“ਹਰ ਖ਼ੁਸ਼ੀ ਗ਼ਮ ’ਚ ਅਸੀਂ ਉਹਨੂੰ ਯਾਦ ਕਰਕੇ ਰੋਂਦੇ ਰਹੇ ਆਂ। ਮੈਂ ਜਦੋਂ ਵੀ ਪੇਕਿਆਂ ਦੇ ਜਾਣਾ ਤਾਂ ਵੱਡੇ ਭਰਾ ਨੇ ਮੈਨੂੰ ਸ਼ਕਰਗੜ੍ਹ ਵਾਲੇ ਪਿੰਡਾਂ ਦੇ ਨਾਂ ਦੱਸਣੇ। ਅਸੀਂ ਭੈਣ ਭਾਈ ਨੇ ਸੋਮਾ ਦੀਆਂ ਗੱਲਾਂ ਕਰਦਿਆਂ ਕਈ-ਕਈ ਦੇਰ ਰੋਂਦੇ ਰਹਿਣਾ। ਉਹ ਵੀ ਗ਼ਮਖੋਰੀ ਸੀ। ਹਾਦਸਾ ਵੀ ਬਹੁਤ ਵੱਡਾ ਹੋਇਆ ਉਸ ਵਿਚਾਰੀ ਨਾਲ। ਉਹਨੇ ਇਸ ਦੁੱਖ ਨੂੰ ਦਿਲ ’ਤੇ ਲਾ ਲਿਆ ਹੋਣਾ। ਸ਼ਾਇਦ ਇਸ ਗ਼ਮ ’ਚ ਹੀ…! ਹੁਣ ਤਾਂ ਮੇਰੇ ਸਾਰੇ ਭਰਾ ਵੀ ਤੁਰ ਗਏ ਨੇ। ਉਹ ਹੋਈ ਤਾਂ ਉਹਨੂੰ ਕਰਤਾਰਪੁਰ ਸਾਹਿਬ ਜਾ ਕੇ ਮਿਲਾਂਗੇ। ਇਸ ਦਮ ਦਾ ਕੀ ਭਰੋਸਾ! ਜੇ ਇਕ ਵਾਰ ਭੈਣ ਮਿਲ ਜਾਏ ਤਾਂ ਮੈਂ ਉਹਨੂੰ ਪੁੱਛਣਾ ਏ ਕਿ ਸਾਥੋਂ ਵਿੱਛੜ ਕੇ ਉਹਨੇ ਕਿਵੇਂ ਦਿਨ ਗੁਜ਼ਾਰੇ! ਉਹ ਸਾਨੂੰ ਕਿੰਨਾ ਕੁ ਯਾਦ ਕਰਦੀ ਰਹੀ ਏ! ਬਸ ਇਕ ਵਾਰ ਮਿਲਣਾ ਚਾਹੁੰਦੀ ਆਂ ਮੈਂ…ਬਸ ਇਕ ਵਾਰ!” ਹੱਥ ਜੋੜਦਿਆਂ ਬੀਬੀ ਵੇਦੋ ਵਿਲਕਣ ਲੱਗ ਪਈ।
ਸੰਪਰਕ: 97818-43444