ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰਨ ਲਈ ਸਕੂਲਾਂ ਨੂੰ ਮਾਰਕਿੰਗ ਸਕੀਮ ਭੇਜੀ ਗਈ ਹੈ ਜਿਸ ਦੀ ਜਾਂਚ ਸੀਬੀਐੱਸਈ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ। ਬੋਰਡ ਦੇ ਨਵੀਂ ਦਿੱਲੀ ਦਫ਼ਤਰ ਨੇ ਖੇਤਰੀ ਦਫ਼ਤਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਸਕੂਲਾਂ ਵਿੱਚ ਨਤੀਜਾ ਤਿਆਰ ਕਰਨ ਦੀ ਵਿਧੀ ਦਾ ਜਾਇਜ਼ਾ ਲੈਣ ਤੇ ਵਿਸਥਾਰਤ ਰਿਪੋਰਟ ਮੁੱਖ ਦਫ਼ਤਰ ਵਿੱਚ 14 ਜੁਲਾਈ ਤਕ ਜਮ੍ਹਾਂ ਕਰਵਾਉਣ।
ਇਸ ਵੇਲੇ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੇ ਨਤੀਜੇ ਤਿਆਰ ਕੀਤੇ ਜਾ ਰਹੇ ਹਨ, ਜੋ 31 ਜੁਲਾਈ ਨੂੰ ਐਲਾਨੇ ਜਾਣਗੇ। ਬੋਰਡ ਨੂੰ ਸ਼ਿਕਾਇਤਾਂ ਮਿਲੀਆਂ ਹਨ ਕਿ ਕਈ ਸਕੂਲ ਮਰਜ਼ੀ ਨਾਲ ਮਾਰਕਿੰਗ ਕਰ ਰਹੇ ਹਨ। ਬੋਰਡ ਅਧਿਕਾਰੀ ਨੇ ਦੱਸਿਆ ਕਿ ਮੁਲਾਂਕਣ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਖੇਤਰੀ ਦਫ਼ਤਰਾਂ ਨੂੰ ਸਕੂਲਾਂ ਦਾ ਦੌਰਾ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਨੇ ਦਸਵੀਂ ਦੀ ਮਾਰਕਿੰਗ ਦਾ ਕੰਮ ਲਗਪਗ ਮੁਕੰਮਲ ਕਰ ਲਿਆ ਹੈ ਤੇ ਜੁਲਾਈ ਦੇ ਤੀਜੇ ਹਫ਼ਤੇ ਨਤੀਜੇ ਐਲਾਨੇ ਜਾਣਗੇ। 12ਵੀਂ ਦੀ ਮਾਰਕਿੰਗ ਚੱਲ ਰਹੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਟੀਮਾਂ ਨੂੰ ਸਕੂਲਾਂ ਵਿੱਚ ਮਾਰਕਿੰਗ ਨੀਤੀ ਅਨੁਸਾਰ 30 ਤੋਂ 50 ਵਿਦਿਆਰਥੀਆਂ ਦੇ ਅੰਕਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਮਾਨਤਾ ਦਿਵਾਉਣ ਵਾਲਾ ਠੱਗ ਗਰੋਹ ਸਰਗਰਮ
ਬੋਰਡ ਨੇ ਸਕੂਲ ਪ੍ਰਬੰਧਕਾਂ ਨੂੰ ਖਬਰਦਾਰ ਕੀਤਾ ਹੈ ਕਿ ਮਾਨਤਾ ਸਿਰਫ ਸੀਬੀਐੱਸਈ ਵੱਲੋਂ ਦਿੱਤੀ ਜਾਵੇਗੀ। ਕੁਝ ਸਕੂਲਾਂ ਵਾਲਿਆਂ ਤੋਂ ਪੈਸੇ ਲੈ ਕੇ ਮਾਨਤਾ ਦਿਵਾਉਣ ਦੇ ਨਾਂ ’ਤੇ ਧੋਖਾਧੜੀ ਹੋਣ ਦੀ ਖਬਰ ਮਿਲੀ ਹੈ, ਜਿਸ ਵਿੱਚ ਸਕੂਲ ਪ੍ਰਬੰਧਥਾਂ ਨੂੰ ਵਟਸਐਪ ਅਤੇ ਈ-ਮੇਲ ਜ਼ਰੀਏ ਸੰਪਰਕ ਕੀਤਾ ਜਾ ਰਿਹਾ ਹੈ। ਪਰ ਬੋਰਡ ਵੱਲੋਂ ਸਿਰਫ ਐਫੀਲਿਏਸ਼ਨ ਬਾਈਲਾਜ਼-2018 ਅਨੁਸਾਰ ਹੀ ਮਾਨਤਾ ਦਿੱਤੀ ਜਾ ਰਹੀ ਹੈ।