ਜੀਵਨ ਕ੍ਰਾਂਤੀ
ਝੁਨੀਰ, 10 ਜੁਲਾਈ
ਇਥੇ ਬਿਜਲੀ ਦੀ ਮਾੜੀ ਸਪਲਾਈ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਬਿਜਲੀ ਗਰਿੱਡ ਕੋਟਧਰਮੂ ਅੱਗੇ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਬਲਾਕ ਝੁਨੀਰ ਦੇ ਪ੍ਰਧਾਨ ਮਲਕੀਤ ਸਿੰਘ ਕੋਟਧਰਮੂ ਨੇ ਕਿਹਾ ਕਿ ਸਰਕਾਰ ਘਰਾਂ ਨੂੰ ਚੌਵੀ ਘੰਟੇ ਅਤੇ ਖੇਤੀ ਮੋਟਰਾਂ ਨੂੰ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਗੱਲ ਆਖ ਰਹੀ ਹੈ ਪਰ ਘਰਾਂ ਵਿੱਚ ਚੌਵੀ ਦੀ ਥਾਂ ਅੱਠ ਘੰਟੇ ਤੇ ਖੇਤੀ ਸਪਲਾਈ ਪੰਜ ਤੋਂ ਚਾਰ ਘੰਟੇ ਹੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਬਚਾਉਣ ਦੇ ਲਈ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ, ਜਿਸ ਕਾਰਨ ਉਹ ਕਰਜ਼ੇ ਦੀ ਮਾਰ ਹੇਠ ਵੀ ਆ ਰਹੇ ਹਨ। ਉਧਰ ਕਿਸਾਨਾਂ ਨੇ ਅਧਿਕਾਰੀਆਂ ਦੇ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਜੇਕਰ ਫਿਰ ਤੋਂ ਕਿਸਾਨਾਂ ਨੂੰ ਬਿਜਲੀ ਸਪਲਾਈ ਪੂਰੀ ਨਾ ਦਿੱਤੀ ਗਈ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਲੀਲਾ ਸਿੰਘ ਭੰਮੇ, ਸੱਤਪਾਲ ਸਿੰਘ ਕੋਟਧਰਮੂ, ਰਾਮ ਭਲਾਈਕੇ ਤੇ ਰਾਣੀ ਕੌਰ ਭੰਮੇ ਹੋਰਾਂ ਨੇ ਸੰਬੋਧਨ ਕੀਤਾ।
ਏਲਨਾਬਾਦ (ਜਗਤਾਰ ਸਮਾਲਸਰ): ਪਿੰਡ ਪ੍ਰਤਾਪ ਨਗਰ ਵਿੱਚ ਸਥਿਤ ਬਿਜਲੀ ਫੀਡਰ ਤੋਂ ਨਾਕਸ ਬਿਜਲੀ ਸਪਲਾਈ ਤੋਂ ਤੰਗ ਆਏ ਪ੍ਰਤਾਪ ਨਗਰ, ਅੰਮ੍ਰਿਤਸਰ ਕਲਾਂ,ਅੰਮ੍ਰਿਤਸਰ ਖੁਰਦ, ਬੁੱਢੀਮਾੜੀ ਤੇ ਮੁਮੇਰਾ ਸਮੇਤ ਕਰੀਬ ਅੱਧਾ ਦਰਜਨ ਪਿੰਡਾਂ ਦੇ ਕਿਸਾਨਾਂ ਨੇ ਏਲਨਾਬਾਦ ਬਿਜਲੀ ਘਰ ਵਿੱਚ ਇਕੱਠੇ ਹੋ ਕੇ ਸਰਕਾਰ ਅਤੇ ਬਿਜਲੀ ਵਿਭਾਗ ਖ਼ਿਲਾਫ਼ ਮੁਜ਼ਾਹਰਾ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਿਸਾਨ ਗੁਰਦੀਪ ਸਿੰਘ, ਸੰਤੋਖ ਸਿੰਘ, ਸੁਮਿਤ ਵਿਰਕ, ਜੀਤ ਸਿੰਘ, ਨਿਰਮਲ ਸਿੰਘ, ਉੱਤਮ ਸਿੰਘ, ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੀਤ ਸਿੰਘ, ਰਾਣਾ ਸਿੰਘ ਤੇ ਲਾਡੀ ਨੇ ਦੱਸਿਆ ਕਿ ਨਹਿਰੀ ਪਾਣੀ ਅਤੇ ਲੋੜੀਂਦੀ ਬਿਜਲੀ ਸਪਲਾਈ ਨਾ ਮਿਲਣ ਕਾਰਨ ਝੋਨਾ ਸੁੱਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ 10 ਦਿਨਾਂ ਬਣੀ ਹੋਈ ਹੈ ਪਰ ਵਿਭਾਗ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਹੱਲ ਨਹੀਂ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੱਲ ਨਾ ਹੋਇਆ ਤਾਂ ਉਹ ਬਿਜਲੀ ਘਰ ਨੂੰ ਤਾਲਾ ਲਾ ਕੇ ਵੱਡੇ ਪੱਧਰ ‘ਤੇ ਸੰਘਰਸ਼ ਸ਼ੁਰੂ ਕਰਨਗੇ।
ਨਥਾਣਾ (ਭਗਵਾਨ ਦਾਸ ਗਰਗ): ਇਥੇ ਬਿਜਲੀ ਕੱਟਾਂ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਬੀਤੇ ਕਈ ਦਿਨਾਂ ਤੋਂ ਰੋਜ਼ਾਨਾ ਹੀ ਕਈ-ਕਈ ਘੰਟੇ ਬਿਜਲੀ ਦੇ ਕੱਟ ਲੱਗ ਰਹੇ ਹਨ, ਜਿਸ ਕਾਰਨ ਛੋਟੇ ਦੁਕਾਨਦਾਰ, ਵਰਕਸ਼ਾਪਾਂ ਵਾਲੇ, ਕੰਪਿਊਟਰ ਅਤੇ ਫੋਟੋ ਸਟੇਟ ਦਾ ਕੰਮ ਕਰਨ ਵਾਲੇ ਲੋਕ ਕਾਫ਼ੀ ਪ੍ਰੇਸ਼ਾਨ ਹਨ। ਗੱਲਬਾਤ ਕਰਦਿਆਂ ਦੁਕਾਨਦਾਰਾਂ ਨੇ ਕਿਹਾ ਕਿ ਬਿਜਲੀ ਨਾ ਆਉਣ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸ ਦੌਰਾਨ ਪੰਜਾਬ ਸਰਕਾਰ ਤੋਂ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕੀਤੀ।
ਲੋਕਾਂ ਵੱਲੋਂ ਨਿਰਵਿਘਨ ਸਪਲਾਈ ਦੀ ਮੰਗ
ਦੋਦਾ (ਜਸਵੀਰ ਸਿੰਘ ਭੁੱਲਰ): ਇਸ ਖੇਤਰ ਵਿੱਚ ਖੇਤੀ ਖੇਤਰ ਨੂੰ 5 ਤੋਂ 6 ਘੰਟੇ ਬਿਜਲੀ ਸਪਲਾਈ ਮਿਲਣ ਕਾਰਨ ਝੋਨੇ ਦੀ ਫਸਲ ਦਾ ਬਹੁਤ ਬੁਰਾ ਹਾਲ ਹੈ। ਨਹਿਰੀ ਪਾਣੀ ਵੀ ਪੂਰਾ ਨਾ ਮਿਲਣ ਕਾਰਨ ਫਸਲਾਂ ਸੁੱਕਣ ਕਿਨਾਰੇ ਹਨ। ਦੂਜੇ ਪਾਸੇ ਘਰੇਲੂ ਖੇਤਰ ਨੂੰ 4 ਤੋਂ 6 ਘੰਟਿਆਂ ਦਾ ਕੱਟ ਲੱਗ ਰਿਹਾ ਹੈ, ਜਿਸ ਨਾਲ ਘਰਾਂ ਨੂੰ ਮਿਲਣ ਵਾਲੀ ਜਲ-ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿਰੇ ਦੀ ਮਹਿੰਗੀ ਬਿਜਲੀ ਦੇ ਬਿੱਲ ਤਾਰ ਕੇ ਵੀ ਬਿਨਾਂ ਬਿਜਲੀ ਤੋਂ ਗਰਮੀ ਨਾਲ ਬਹੁਤ ਬੁਰਾ ਹਾਲ ਹੈ ਅਤੇ ਬੱਚਿਆਂ, ਬੁੱਢਿਆਂ ਅਤੇ ਮਰੀਜ਼ਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਆਮ ਲੋਕਾਂ ਦੀ ਜ਼ੋਰਦਾਰ ਮੰਗ ਹੈ ਕਿ ਸਮੁੱਚੇ ਖੇਤਰਾਂ ਵਿੱਚ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇ।