ਨਾਰਥੈਂਪਟਨ: ਹਰਫਨਮੌਲਾ ਨੈਟ ਸਿਵੇਰ ਦੇ ਨੀਮ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਭਾਰਤ ਨੂੰ ਮੀਂਹ ਨਾਲ ਪ੍ਰਭਾਵਤ ਟੀ-20 ਕ੍ਰਿਕਟ ਮੁਕਾਬਲੇ ਵਿੱਚ ਡੀਐੱਲਐੱਸ ਪ੍ਰਣਾਲੀ ਦੇ ਆਧਾਰ ’ਤੇ 18 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਸਿਵੇਰ ਨੇ 27 ਗੇਂਦਾਂ ’ਤੇ 55 ਦੌੜਾਂ ਅਤੇ ਵਿਕਟਕੀਪਰ ਐਮੀ ਜੌਨਸ ਨੇ 27 ਗੇਂਦਾਂ ’ਤੇ 43 ਦੌੜਾਂ ਬਣਾ ਕੇ ਟੀਮ ਨੂੰ 20 ਓਵਰਾਂ ਵਿੱਚ 177 ਦੌੜਾਂ ਤੱਕ ਪਹੁੰਚਾਉਣ ਲਈ ਮਦਦ ਕੀਤੀ। ਸਿਵੇਰ ਨੇ ਇੰਗਲੈਂਡ ਲਈ ਸਭ ਤੋਂ ਤੇਜ਼ ਨੀਮ ਸੈਂਕੜਾ ਜੜਨ ਦੇ ਰਿਕਾਰਡ ਦੀ ਬਰਾਬਰੀ ਕੀਤੀ। ਜਵਾਬ ਵਿੱਚ ਭਾਰਤੀ ਟੀਮ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕੀ। ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ 17 ਗੇਂਦਾਂ ’ਚ 29 ਦੌੜਾਂ ਬਣਾਈਆਂ ਪਰ ਮਗਰੋਂ ਮੀਂਹ ਪੈਣ ਲੱਗ ਪਿਆ। ਭਾਰਤ ਦਾ ਸਕੋਰ ਉਸ ਵੇਲੇ 8.4 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ’ਤੇ 54 ਦੌੜਾਂ ਸੀ ਅਤੇ ਡੀਐੱਲਐੱਸ ਪ੍ਰਣਾਲੀ ਦੇ ਆਧਾਰ ’ਤੇ 18 ਦੌੜਾਂ ਪਿੱਛੇ ਸੀ। -ਪੀਟੀਆਈ