ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਜੁਲਾਈ
ਕਬੂਤਰਾਂ ਦੀ ਉਡਾਣ ਦੇ ਮਾਮੂਲੀ ਮਾਮਲੇ ਨੂੰ ਲੈ ਕੇ ਹੋਏ ਝਗੜੇ ਵਿਚ ਇਥੇ ਪਿੰਡ ਚਾਟੀਵਿੰਡ ਵਿੱਚ ਇਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਸ਼ਨਾਖਤ ਰਣਜੀਤ ਸਿੰਘ ਉਰਫ ਸੂਰਜ ਵਜੋਂ ਹੋਈ ਹੈ। ਬੀਤੀ ਸ਼ਾਮ ਵਾਪਰੀ ਇਸ ਘਟਨਾ ਸਬੰਧੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਰਾਜਪ੍ਰੀਤ ਸਿੰਘ ਅਤੇ ਜਜਪ੍ਰੀਤ ਸਿੰਘ ਵਜੋਂ ਹੋਈ ਹੈ ਜਦੋਂਕਿ ਦੋ ਹੋਰ ਵਿਅਕਤੀ ਅਰਸ਼ਦੀਪ ਅਤੇ ਦੀਪੂ ਨੂੰ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਥਾਣਾ ਚਾਟੀਵਿੰਡ ਦੇ ਐੱਸਐੱਚਓ ਮਨਮੀਤਪਾਲ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਅਤੇ ਗ੍ਰਿਫਤਾਰ ਕੀਤੇ ਇਹ ਵਿਅਕਤੀ ਆਪਸ ਵਿਚ ਦੋਸਤ ਹਨ ਅਤੇ ਇਨ੍ਹਾਂ ਨੇ ਕਬੂਤਰ ਪਾਲੇ ਹੋਏ ਹਨ। ਇਹ ਕਬੂਤਰਾਂ ਦੀਆਂ ਉਡਾਣਾਂ ਨਾਲ ਸ਼ਰਤਾਂ ਵੀ ਲਾਉਂਦੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀ ਰਣਜੀਤ ਸਿੰਘ ਨਾਲ ਇਸ ਲਈ ਈਰਖਾ ਕਰਦੇ ਸਨ ਕਿਉਂਕਿ ਉਸ ਦੇ ਕਬੂਤਰ ਵਧੇਰੇ ਲੰਮਾ ਸਮਾਂ ਉਡਾਣ ਭਰਦੇ ਸਨ ਅਤੇ ਜਿੱਤ ਜਾਂਦੇ ਸਨ। ਇਸੇ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਕੁਝ ਦਿਨ ਪਹਿਲਾਂ ਤਕਰਾਰ ਹੋਈ ਸੀ। ਬੀਤੀ ਦੇਰ ਸ਼ਾਮ ਰਣਜੀਤ ਸਿੰਘ ਘਰੋਂ ਕਿਸੇ ਕੰਮ ਲਈ ਬਾਹਰ ਗਿਆ ਤਾਂ ਚੱਬਾ ਬੱਸ ਅੱਡਾ ਨੇੜੇ ਉਸ ’ਤੇ ਹਮਲਾ ਕੀਤਾ ਗਿਆ। ਹਮਲੇ ਦੌਰਾਨ ਉਹ ਬਚ ਕੇ ਭੱਜਿਆ ਪਰ ਮੁੜ ਉਸ ਨੂੰ ਕਾਬੂ ਕਰਕੇ ਤੇਜ਼ਧਾਰ ਹਥਿਆਰ ਨਾਲ ਛਾਤੀ ’ਤੇ ਵਾਰ ਕੀਤਾ ਗਿਆ। ਹਮਲੇ ਮਗਰੋਂ ਹਮਲਾਵਰ ਫ਼ਰਾਰ ਹੋ ਗਏ। ਉਸ ਨੂੰ ਜ਼ਖਮੀ ਹਾਲਤ ਵਿਚ ਨੇੜੇ ਹਸਪਤਾਲ ਲੈ ਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਕੇਸ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ।