ਮੁੰਬਈ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਗੇਂਦਬਾਜ਼ ਹਰਭਜਨ ਸਿੰਘ ਅਤੇ ਅਦਾਕਾਰਾ ਗੀਤਾ ਬਸਰਾ ਦੇ ਘਰ ਪੁੱਤਰ ਨੇ ਜਨਮ ਲਿਆ ਹੈ। 41 ਸਾਲਾ ਸਾਬਕਾ ਖਿਡਾਰੀ ਨੇ ਇਹ ਜਾਣਕਾਰੀ ਅੱਜ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਇਸ ਜੋੜੇ ਦੇ ਘਰ ਇੱਕ ਧੀ ਹੈ। ਜਲੰਧਰ ਨਿਵਾਸੀ ਕ੍ਰਿਕਟਰ ਹਰਭਜਨ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ,‘ ਘਰ ਪੁੱਤਰ ਆਉਣ ’ਤੇ ਬਹੁਤ ਖੁਸ਼ ਹਾਂ ਅਤੇ ਜੱਚਾ-ਬੱਚਾ ਤੰਦਰੁਸਤ ਹਨ।’ ਹਰਭਜਨ ਸਿੰਘ ਨੇ ਪਿਆਰ ਤੇ ਸਹਿਯੋਗ ਦੇਣ ਬਦਲੇ ਆਪਣੇ ਚਾਹੁਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ। ਜਾਣਕਾਰੀ ਅਨੁਸਾਰ ਹਰਭਜਨ ਤੇ ਬਸਰਾ ਨੇ ਸਾਲ 2015 ਵਿੱਚ ਵਿਆਹ ਕਰਵਾਇਆ ਸੀ। ਉਨ੍ਹਾਂ ਕੋਲ ਪਹਿਲਾਂ ਇਕ ਪੰਜ ਸਾਲਾ ਧੀ ਹਿਨਾਇਆ ਹੀਰ ਪਲਾਹਾ ਹੈ। -ਪੀਟੀਆਈ