ਪੱਤਰ ਪ੍ਰੇਰਕ
ਰਤੀਆ, 13 ਅਗਸਤ
ਇਥੇ ਇਕ ਫਾਇਨਾਂਸ ਕੰਪਨੀ ਵੱਲੋਂ ਪਿੰਡ ਕਲੋਠਾ ਦੀਆਂ ਕਈ ਔਰਤਾਂ ਦੀਆਂ ਕਿਸ਼ਤਾਂ ਉਨ੍ਹਾਂ ਦੇ ਖਾਤੇ ਵਿਚ ਜਮ੍ਹਾਂ ਨਾ ਕੀਤੇ ਜਾਣ ਕਾਰਨ ਅੱਜ ਕਿਸ਼ਤਾਂ ਲੈਣ ਆਏ ਕੰਪਨੀ ਦੇ ਅਧਿਕਾਰੀਆਂ ਦਾ ਔਰਤਾਂ ਵੱਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਪਿੰਡ ਦੀਆਂ ਔਰਤਾਂ ਨੇ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਹੰਗਾਮਾ ਕੀਤਾ ਅਤੇ ਲੌਕਡਾਊਨ ਤਹਿਤ ਦਿੱਤੀਆਂ ਗਈਆਂ ਉਨ੍ਹਾਂ ਦੀਆਂ ਕਿਸ਼ਤਾਂ ਖਾਤਿਆਂ ਵਿਚ ਜਮ੍ਹਾਂ ਨਾ ਕਰਨ ਦਾ ਦੋਸ਼ ਲਗਾਇਆ। ਹਾਲਾਂਕਿ ਇਸ ਹੰਗਾਮੇ ਨੂੰ ਦੇਖਦੇ ਹੋਏ ਫਾਈਨਾਂਸ ਕੰਪਨੀ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ, ਪਰ ਫਿਰ ਵੀ ਔਰਤਾਂ ਦਾ ਗੁੱਸਾ ਘੱਟ ਨਾ ਹੋਇਆ। ਪਿੰਡ ਦੀਆਂ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਪਿੰਡ ਵਿਚ ਆਪਣੇ ਪੱਧਰ ’ਤੇ ਸਮੂਹ ਬਣਾ ਕੇ ਇਕ ਕੰਪਨੀ ਤੋਂ ਕਰਜ਼ਾ ਲਿਆ ਹੋਇਆ ਹੈ, ਜਿਸ ਤਹਿਤ ਉਹ ਹਰ ਹਫ਼ਤੇ ਕੰਪਨੀ ਦੇ ਪ੍ਰਤੀਨਿਧੀਆਂ ਨੂੰ ਕਿਸ਼ਤਾਂ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਇਕ ਔਰਤ ਚਰਨਜੀਤ ਕੌਰ ਨੇ ਆਪਣੀਆਂ ਸਾਰੀਆਂ ਕਿਸ਼ਤਾਂ ਕੰਪਨੀ ਨੂੰ ਅਦਾ ਕਰ ਰੱਖੀਆਂ ਹਨ ਪਰ ਉਸ ਦੇ ਬਾਵਜੂਦ ਵੀ ਉਸ ਦੇ ਖਾਤੇ ਵਿਚ ਰਕਮ ਜਮ੍ਹਾਂ ਨਹੀਂ ਕੀਤੀ ਗਈ । ਉਕਤ ਔਰਤ ਦੇ ਖਾਤੇ ਵਿਚ 7 ਤੋਂ 8 ਕਿਸ਼ਤਾਂ ਜਮ੍ਹਾਂ ਨਹੀਂ ਕੀਤੀਆਂ ਗਈਆਂ। ਇਸ ਦੌਰਾਨ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਨੇ ਦਖਲ ਦਿੰਦਿਆਂ ਮਾਮਲੇ ਨੂੰ ਸੁਲਝਾਇਆ। ਉਨ੍ਹਾਂ ਫਾਈਨਾਂਸ ਕੰਪਨੀ ਦੇ ਅਧਿਕਾਰੀਆਂ ਨੂੰ ਸਬੰਧਤ ਚਰਨਜੀਤ ਕੌਰ ਦੀ ਸਟੇਟਮੈਂਟ ਤੋਂ ਇਲਾਵਾ ਇਸ ਨਾਮ ਨਾਲ ਸਬੰਧਤ ਹੋਰ ਔਰਤ ਦੀ ਸਟੇਟਮੈਂਟ ਕਢਵਾਉਣ ਦਾ ਸੁਝਾਅ ਦਿੱਤਾ, ਜਿਸ ਉਪਰੰਥ ਅਧਿਕਾਰੀਆਂ ਨੇ ਗਲਤੀ ਮੰਨਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਜੋ ਕਿਸ਼ਤਾਂ ਲੈਣ ਲਈ ਕੰਪਨੀ ਦਾ ਲੜਕਾ ਆਉਂਦਾ ਸੀ, ਉਸ ਨੇ ਸਬੰਧਤ ਔਰਤ ਦੇ ਨਾਮ ਦੀਆਂ ਕਿਸ਼ਤਾਂ ਕਿਸੇ ਹੋਰ ਔਰਤ ਦੇ ਖਾਤੇ ਵਿਚ ਜਮ੍ਹਾਂ ਕਰ ਦਿੱਤੀਆਂ ਹਨ।