ਹੁਸੀਨ ਫੁੱਲਾਂ ਵਾਲੇ ਛੋਟੇ ਕੱਦ ਦੇ ਰੁੱਖ ਨੂੰ ਹਾਰ ਸ਼ਿੰਗਾਰ ਤੋਂ ਇਲਾਵਾ ਪਰਿਜਾਤ/ਪਾਰਜਾਤ, ਕੋਰਲ ਜੈਸਮੀਨ ਜਾਂ ਨਾਈਟ ਜੈਸਮੀਨ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂ Nyctanthes arbor tristis ਹੈ। ਹਿੰਦੂ ਮਥਿਹਾਸ ਵਿਚ ਵਿਸ਼ੇਸ਼ ਸਥਾਨ ਰੱਖਣ ਵਾਲੇ ਇਸ ਰੁੱਖ ਨੂੰ ਸਵਰਗ ਦਾ ਰੁੱਖ ਸਮਝਦੇ ਹੋਏ ਇਸ ਦਾ ਸਬੰਧ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਨਾਲ ਵੀ ਜੁੜਦਾ ਹੈ। ਇਸ ਦੇ ਫੁੱਲ ਸੂਰਜ ਨਿਕਲਣ ਤੋਂ ਪਹਿਲਾਂ ਹੀ ਰਾਤੀਂ ਖਿੜ ਕੇ ਸੁਵਖਤੇ ਝੜ ਜਾਂਦੇ ਹਨ ਅਤੇ ਇਸ ਨੂੰ ‘ਟ੍ਰੀ ਆਫ ਸੌਰੋ’ ਵੀ ਕਿਹਾ ਜਾਂਦਾ ਹੈ।
ਪੁਰਾਤਨ ਮੰਦਰਾਂ ਤੇ ਮਜਾਰਾਂ ਕੋਲ ਪਹਿਲਾਂ ਅਕਸਰ ਇਹ ਰੁੱਖ ਵੇਖਣ ਨੂੰ ਮਿਲ ਜਾਂਦਾ ਸੀ। ਬੋਧੀ ਲੋਕ ਆਪਣੇ ਚੋਲੇ ਇਸ ਦੇ ਫੁੱਲਾਂ ਤੋਂ ਨਿਕਲਦੇ ਰੰਗ ਨਾਲ ਰੰਗਦੇ ਰਹੇ ਹਨ। ਤਕਰੀਬਨ 10-15 ਫੁੱਟ ਦੀ ਉਚਾਈ ਤਕ ਜਾਣ ਵਾਲੇ ਇਸ ਰੁੱਖ ਦੇ ਪੱਤੇ ਉੱਪਰੋਂ ਬਹੁਤ ਖੁਰਦਰੇ ਹੁੰਦੇ ਹਨ। ਸਤੰਬਰ ਮਹੀਨੇ ਰੁੱਖ ਫੁੱਲਾਂ ਨਾਲ ਭਰਦਾ ਹੈ ਜਿਨ੍ਹਾਂ ਦਾ ਰੰਗ ਸਫ਼ੈਦ, ਪਰ ਹੇਠਲੀ ਨਲੀ ਦਾ ਰੰਗ ਨਾਰੰਗੀ ਰੇਸ਼ਮੀ/ਸੰਤਰੀ ਹੁੰਦਾ ਹੈ। ਇਸ ਦੇ ਪੱਤਿਆਂ ਤੋਂ ਗਠੀਏ ਤੇ ਜੋੜਾਂ ਦੇ ਰੋਗਾਂ ਦੇ ਇਲਾਜ ਲਈ ਨੁਸਖੇ ਤਿਆਰ ਕਰਦੇ ਹਨ। ਰੁੱਖ ਦੇ ਧਰਤ ਉੱਪਰ ਡਿੱਗੇ ਹੋਏ ਫੁੱਲ ਜਾਂ ਪਾਣੀ ਵਿਚ ਤੈਰਦੇ ਹੋਏ ਫੁੱਲ ਬਹੁਤ ਸੋਹਣੇ ਲੱਗਦੇ ਹਨ। ਪਾਰਜਾਤ ਦਾ ਜ਼ਿਕਰ ਗੁਰਬਾਣੀ ਵਿਚ ਵੀ ਆਉਂਦਾ ਹੈ-
ਬਿਰਖੁ ਜਮਿਓ ਹੈ ਪਾਰਜਾਤ।।
ਫੂਲ ਲਗੇ ਫਲ ਰਤਨ ਭਾਂਤਿ।।
ਪੇਸ਼ਕਸ਼: ਡਾ. ਬਲਵਿੰਦਰ ਸਿੰਘ ਲੱਖੇਵਾਲੀ
ਸੰਪਰਕ: 98142-39041