ਪਰਸ਼ੋਤਮ ਬੱਲੀ
ਬਰਨਾਲਾ, 13 ਅਗਸਤ
ਭਾਜਪਾ ਦੀ ਕੇਂਦਰੀ ਮੋਦੀ ਹਕੂਮਤ ਵੱਲੋਂ ਜ਼ਬਰੀ ਮੜ੍ਹੇ ਜਾ ਰਹੇ ਖੇਤੀ ਕਾਨੂੰਨਾਂ ਵਿਰੁੱਧ ਸਥਾਨਕ ਰੇਲਵੇ ਸਟੇਸ਼ਨ ’ਤੇ 317 ਦਿਨਾਂ ਤੋਂ ਜਾਰੀ ਸਾਂਝੇ ਕਿਸਾਨ ਧਰਨੇ ਦਾ ਸੰਘਰਸ਼ੀ ਜਲੌਅ ਜਾਰੀ ਹੈ। ਅੱਜ 15 ਅਗਸਤ ਦੇ ਐਲਾਨੇ ਤਿਰੰਗਾ ਯਾਤਰਾ ਦੇ ਐਕਸ਼ਨ ਪ੍ਰੋਗਰਾਮ ਦੀ ਯੋਜਨਾਬੰਦੀ ਤੇ ਤਿਆਰੀਆਂ ਦੇ ਜਾਇਜ਼ਾ ਲਿਆ ਗਿਆ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਬਾਬੂ ਸਿੰਘ ਖੁੱਡੀ ਕਲਾਂ, ਰਣਧੀਰ ਸਿੰਘ ਰਾਜਗੜ੍ਹ, ਗੁਰਦੇਵ ਸਿੰਘ ਮਾਂਗੇਵਾਲ ਨੇ ਸੰਬੋਧਨ ਕੀਤਾ। ਧਰਨੇ ਦੇ ਕਨਵੀਨਰ ਬਲਵੰਤ ਸਿੰਘ ਉੱਪਲੀ ਨੇ 15 ਅਗਸਤ ਨੂੰ ਕੀਤੀ ਜਾਣ ਵਾਲੀ ਤਿਰੰਗਾ ਯਾਤਰਾ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ 11 ਵਜੇ ਦਾਣਾ ਮੰਡੀ ਬਰਨਾਲਾ ਵਿੱਚ ਇਕੱਠੇ ਹੋਣ ਉਪਰੰਤ ਵਾਹਨਾਂ ’ਤੇ ਤਿਰੰਗਾ ਝੰਡਾ ਲਾ ਕੇ ਬਾਜ਼ਾਰਾਂ ਵਿੱਚੋਂ ਦੀ ਧਰਨਾ ਸਥਾਨ ਤੱਕ ਪ੍ਰਦਰਸ਼ਨ ਕੀਤਾ ਜਾਵੇਗਾ। ਰਾਜਵਿੰਦਰ ਸਿੰਘ ਮੱਲੀ, ਬਹਾਦਰ ਸਿੰਘ ਕਾਲਾ ਧਨੌਲਾ, ਸਰਦਾਰਾ ਸਿੰਘ ਮੌੜ ਤੇ ਮੁਖਤਿਆਰ ਕੌਰ ਖੁੱਡੀ ਕਲਾਂ ਨੇ ਗੀਤ ਤੇ ਕਵਿਤਾਵਾਂ ਸੁਣਾਈਆਂ।
ਬਰੇਟਾ (ਸੱਤ ਪ੍ਰਕਾਸ਼ ਸਿੰਗਲਾ): ਕੇਂਦਰ ਸਰਕਾਰ ਦੇ ਕਿਸਾਨੀ ਤੇ ਖੇਤੀ ਨਾਲ ਸਬੰਧਤ ਤਿੰਨ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲੰਬੇ ਸਮੇਂ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ। ਇਸ ਅਧੀਨ ਇਥੇ ਦੇ ਇੱਕ ਪੈਟਰੋਲ ਪੰਪ ’ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦਾ ਧਰਨਾ ਅਤੇ ਸਾਂਝਾ ਕਿਸਾਨ ਮੋਰਚਾ ਵੱਲੋਂ ਰੇਲਵੇ ਪਾਰਕਿੰਗ ਵਿੱਚ ਔਰਤਾਂ ਆਪਣੀ ਸ਼ਮੂਲੀਅਤ ਕਰਕੇ ਵਿਚਾਰਾਂ ਦਾ ਪ੍ਰਗਟਾਵਾ ਕਰਦੀਆਂ ਹਨ। ਅੱਜ ਦੇ ਧਰਨਿਆਂ ਵਿੱਚ ਗੁਰਮੇਲ ਸਿੰਘ ਰੰਘੜਿਆਲ, ਲੀਲਾ ਸਿੰਘ, ਸੁੱਖਾ ਸਿੰਘ ਕਿਸ਼ਨਗੜ੍ਹ ਹਾਜ਼ਰ ਸਨ।
ਕਿਸਾਨਾਂ ਵੱਲੋਂ ਤਿਰੰਗਾ ਯਾਤਰਾ ਦਾ ਰੂਟ ਤੈਅ
ਸਿਰਸਾ (ਪ੍ਰਭੂ ਦਿਆਲ): ਇੱਥੇ ਜਥੇਬੰਦੀਆਂ ਨੇ ਮੀਟਿੰਗਾਂ ਕਰਕੇ 15 ਅਗਸਤ ਨੂੰ ਹੋਣ ਵਾਲੀ ਤਿਰੰਗਾ ਯਾਤਰਾ ਦੇ ਰੂਟ ਤੈਅ ਕੀਤੇ ਹਨ। ਹਰਿਆਣਾ ਕਿਸਾਨ ਮੰਚ ਦੇ ਸੂਬਾਈ ਪ੍ਰਧਾਨ ਪ੍ਰਹਿਲਾਦ ਸਿੰਘ ਭਾਰੂਖੇੜਾ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਜਥੇਬੰਦੀ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਕੌਮੀ ਝੰਡਾ ਲਹਿਰਾਉਣ ਮਗਰੋਂ ਤਿਰੰਗਾ ਯਾਤਰਾ ਸ਼ੁਰੂ ਕਰੇਗੀ ਜਿਹੜੀ ਸ਼ਹਿਰ ਦੇ ਬਾਜ਼ਾਰਾਂ ’ਚੋਂ ਹੁੰਦੀ ਹੋਈ ਸਮਾਪਤ ਹੋਵੇਗੀ। ਇਸੇ ਤਰ੍ਹਾਂ ਭਾਰਤੀ ਕਿਸਾਨ ਏਕਤਾ ਦੇ ਸੂਬਾਈ ਪ੍ਰਧਾਨ ਲੱਖਵਿੰਦਰ ਸਿੰਘ ਔਲਖ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਯਾਤਰਾ ਕੁਸ਼ਟ ਆਸ਼ਰਮ ਨੇੜੇ ਕੌਮੀ ਝੰਡਾ ਲਹਿਰਾਉਣ ਮਗਰੋਂ ਸ਼ੁਰੂ ਹੋਵੇਗੀ ਜਿਹੜੀ ਬਾਜ਼ਾਰਾਂ ’ਚੋਂ ਹੁੰਦੀ ਹੋਰਾਂ ਕਿਸਾਨਾਂ ਦੀ ਤਿਰੰਗਾ ਯਾਤਰਾ ਨਾਲ ਰਲੇਗੀ। ਇਸੇ ਤਰ੍ਹਾਂ ਇਕ ਯਾਤਰਾ ਪੰਜੂਆਣਾ ਪਿੰਡ ਦੇ ਕਿਸਾਨੀ ਲੰਗਰ ਵਾਲੀ ਥਾਂ ਤੋਂ ਸ਼ੁਰੂ ਹੋਵੇਗੀ ਜਿਹੜੀ ਏਅਰ ਫੋਰਸ ਤੋਂ ਹੁੰਦੀ ਹੋਈ ਰੋੜੀ ਗੇਟ, ਸੁਭਾਸ਼ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੀ ਹੋਈ ਓਵਰ ਬ੍ਰਿਜ ਤੋਂ ਲੰਘਦੀ ਹੋਈ ਭਾਵਦੀਨ ਟੌਲ ਪਲਾਜ਼ੇ ’ਤੇ ਪਹੁੰਚ ਕੇ ਸਮਾਪਤ ਹੋਵੇਗੀ।