ਪਰਸ਼ੋਤਮ ਬੱਲੀ
ਬਰਨਾਲਾ, 14 ਅਗਸਤ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਇਥੇ ਰੇਲਵੇ ਸਟੇਸ਼ਨ ‘ਤੇ ਪੱਕਾ ਧਰਨਾ ਜਾਰੀ ਹੈ। ਅੱਜ ਬੁਲਾਰਿਆਂ ਕਿਹਾ ਕਿ ਸਰਕਾਰੀ ਨੀਤੀਆਂ ਦਾ ਧਿਆਨ ਖੇਤੀ ਖੇਤਰ ‘ਚੋਂ ਕਿਰਤ-ਸ਼ਕਤੀ ਘਟਾ ਕੇ ਸਨਅਤੀ ਤੇ ਸੇਵਾ ਖੇਤਰ ਵਿੱਚ ਵਧਾਉਣ ਵੱਲ ਹੈ ਪਰ ਤਾਜ਼ਾ ਅਧਿਐਨ ਇਸ ਸਰਕਾਰੀ ਨੀਤੀ ਦਾ ਪਾਜ ਉਘੇੜਦੇ ਹਨ। ਸਨਅਤੀ ਤੇ ਸੇਵਾ ਖੇਤਰਾਂ ‘ਚ ਬੇਰੁਜ਼ਗਾਰੀ ਵਧਣ ਕਾਰਨ ਕਿਰਤੀ ਘੱਟ ਉਜਰਤਾਂ ਦੇ ਬਾਵਜੂਦ ਖੇਤੀ ਖੇਤਰ ਵਿੱਚ ਰੁਜ਼ਗਾਰ ਲੱਭਣ ਲਈ ਮਜਬੂਰ ਹਨ। ਧਰਨੇ ਨੂੰ ਬਲਵੰਤ ਸਿੰਘ ਉਪਲੀ, ਉਜਾਗਰ ਸਿੰਘ ਬੀਹਲਾ, ਦਰਸ਼ਨ ਸਿੰਘ ਉਗੋਕੇ, ਮੇਲਾ ਸਿੰਘ ਕੱਟੂ, ਜਸਵੰਤ ਕੌਰ ਬਰਨਾਲਾ, ਪ੍ਰੇਮਪਾਲ ਕੌਰ, ਗੁਰਚਰਨ ਸਿੰਘ ਸੁਰਜੀਤਪੁਰਾ, ਜਸਪਾਲ ਕੌਰ ਕਰਮਗੜ੍ਹ, ਹਰਚਰਨ ਸਿੰਘ ਚੰਨਾ,ਬਲਵਿੰਦਰ ਕੌਰ ਖੁੱਡੀ ਕਲਾਂ ਨੇ ਸੰਬੋਧਨ ਕੀਤਾ।
15 ਅਗਸਤ ਨੂੰ ਮਨਾਏ ਜਾਣ ਵਾਲੇ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ’ ਮੌਕੇ ਕੀਤੀ ਜਾਣ ਵਾਲੀ ਤਿਰੰਗਾ ਯਾਤਰਾ ਲਈ ਪਿੰਡ ਵਾਰ ਰੂਟ ਬਣਾ ਕੇ ਕਿਸਾਨਾਂ ਨੂੰ ਵਾਹਨਾਂ ਸਮੇਤ ਸਵੇਰੇ 11 ਵਜੇ ਦਾਣਾ ਮੰਡੀ ਪਹੁੰਚਣ ਦੀ ਅਪੀਲ ਕੀਤੀ। ਅੱਜ ਰੁਲਦੂ ਸਿੰਘ ਸ਼ੇਰੋਂ ਤੇ ਦਰਸ਼ਨ ਕੱਟੂ ਨੇ ਆਪਣੇ ਗੀਤਾਂ ਰਾਹੀਂ ਕਿਸਾਨ ਮੰਗਾਂ ਨੂੰ ਉਭਾਰਿਆ।