ਪੱਤਰ ਪ੍ਰੇਰਕ
ਰਈਆ, 13 ਅਗਸਤ
ਪਿੰਡ ਛਾਪਿਆਂਵਾਲੀ ਦਾ ਸਕੂਲੀ ਵਿਦਿਆਰਥੀ ਜੋ ਵੀਰਵਾਰ ਨੂੰ ਲਾਪਤਾ ਹੋ ਗਿਆ ਸੀ, ਦੀ ਲਾਸ਼ ਪਿੰਡ ਦੇ ਛੱਪੜ ਵਿੱਚੋਂ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਛਾਪਿਆਂਵਾਲੀ ਵਾਸੀ ਹਰਨੂਰ ਸਿੰਘ (13) ਵੀਰਵਾਰ ਸਵੇਰੇ ਸਕੂਲ ਗਿਆ ਸੀ। ਹਰਨੂਰ ਦੀ ਮਾਂ ਕਮਲਜੀਤ ਕੌਰ ਅਨੁਸਾਰ ਉਸ ਦਿਨ ਜਦੋਂ ਉਹ ਸਕੂਲ ਨਾ ਪੁੱਜਾ ਤਾਂ ਪ੍ਰਿੰਸੀਪਲ ਦਾ ਫੋਨ ਆਇਆ। ਪਰਿਵਾਰ ਨੇ ਹਰਨੂਰ ਦੇ ਬੱਸ ਚੜ੍ਹਨ ਵਾਲੀ ਜਗ੍ਹਾ ਦੇ ਜਾਂਚ ਕੀਤੀ ਤਾਂ ਉੱਥੋਂ ਬੱਚੇ ਦਾ ਬੈਗ ਮਿਲਿਆ। ਪਰਿਵਾਰ ਨੇ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਪੁਲੀਸ ਨੇ ਹਰਨੂਰ ਦੀ ਭਾਲ ਕੀਤੀ ਪਰ ਕੋਈ ਸੂਹ ਨਾ ਮਿਲੀ। ਸ਼ੁੱਕਰਵਾਰ ਸਵੇਰੇ ਹਰਨੂਰ ਦੀ ਲਾਸ਼ ਪਿੰਡ ਦੇ ਛੱਪੜ ਵਿਚ ਤੈਰਦੀ ਹੋਈ ਮਿਲੀ। ਪੋਸਟਮਾਰਟਮ ਮਗਰੋਂ ਪੁਲੀਸ ਹਾਜ਼ਰੀ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ।