ਪੀ.ਪੀ. ਵਰਮਾ
ਪੰਚਕੂਲਾ, 13 ਅਗਸਤ
ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਅੱਜ ਇਥੋਂ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਟੋਕੀਓ ਓਲੰਪਿਕ ’ਚ ਤਗਮੇ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਓਲੰਪਿਕ ਵਿੱਚ ਭਾਗ ਲੈਣ ਵਾਲੇ ਦੇਸ਼ ਦੇ 127 ਖਿਡਾਰੀਆਂ ਵਿੱਚੋਂ 32 ਹਰਿਆਣਾ ਦੇ ਹਨ ਜੋ ਦੇਸ਼ ਦਾ ਪੱਚੀ ਫੀਸਦੀ ਬਣਦੇ ਹਨ। ਇਸ ਵਾਰ ਜਿਨ੍ਹਾਂ ਖਿਡਾਰੀਆਂ ਨੂੰ ਓਲੰਪਿਕ ਵਿੱਚ ਮੈਡਲ ਨਹੀਂ ਮਿਲਿਆ ਉਹ ਆਸ ਕਰਦੇ ਹਨ ਕਿ ਉਹ ਭਵਿੱਖ ਵਿੱਚ ਮੈਡਲ ਜ਼ਰੂਰ ਲੈ ਕੇ ਆਉਣਗੇ। ਰਾਜਪਾਲ ਨੇ ਮੈਡਲ ਜਿੱਤਣ ਵਾਲੇ ਬਜਰੰਗ ਪੂਨੀਆ, ਰਵੀ ਦਹੀਆ ਅਤੇ ਹੋਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਨੀਰਜ ਚੋਪੜਾ ਦੇ ਚਾਚਾ ਭੀਮ ਚੋਪੜਾ ਨੇ ਅੱਜ ਭਾਰਤ ਦੇ ਗੋਲਡਨ ਬੁਆਏ ਦਾ ਸਨਮਾਨ ਹਰਿਆਣਾ ਦੇ ਰਾਜਪਾਲ ਤੋਂ ਪ੍ਰਾਪਤ ਕੀਤਾ। ਨੀਰਜ ਚੋਪੜਾ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਏ। ਇਸ ਮੌਕੇ ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਗ਼ਮਾ ਜੇਤੂ ਖਿਡਾਰੀਆਂ ਨੂੰ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਜਾਣਗੇ। ਖਿਡਾਰੀ ਦੀਪਕ ਅਤੇ ਉਸ ਦੀ ਭੈਣ ਪੂਜਾ ਨੂੰ ਵੀ 50 ਲੱਖ ਦੀ ਰਾਸ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੀਂ ਖੇਡ ਪਾਲਸੀ ਖਿਡਾਰੀਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ। ਸਰਕਾਰ ਜਲਦੀ ਹੀ ਖੇਡ ਐਪ ਲਾਂਚ ਕਰੇਗੀ। ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ ਕਿ ਚੌਥੇ ਨੰਬਰ ’ਤੇ ਆਉਣ ਵਾਲੇ ਖਿਡਾਰੀਆਂ ਨੂੰ 50-50 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੇ ਖਾਤਿਆਂ ਵਿਚ ਆਰਟੀਜੀਐੱਸ ਤਹਿਤ ਨਕਦ ਇਨਾਮੀ ਰਾਸ਼ੀ ਪਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜ ਜ਼ਿਲ੍ਹਿਆਂ ਵਿੱਚ ਡੇਅ-ਬੋਰਡਿੰਗ ਸਪੋਰਟਸ ਅਕਾਦਮੀਆਂ ਖੋਲ੍ਹੀਆਂ ਜਾਣਗੀਆਂ। ਬਜਰੰਗ ਪੂਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਹਰਿਆਣਾ ਦੀ ਖੇਡ ਨੀਤੀ ’ਤੇ ਫਖ਼ਰ ਹੈ। ਇਸ ਮੌਕੇ ਸੰਸਦ ਮੈਂਬਰ ਰਤਨ ਲਾਲ ਕਟਾਰੀਆ ਤੇ ਹਰਿਆਣਾ ਵਿਧਾਨ ਸਭਾ ਸਪੀਕਰ ਗਿਆਨ ਚੰਦ ਗੁਪਤਾ ਨੇ ਵੀ ਵਿਚਾਰ ਰੱਖੇ।