ਯੇਰੂਸ਼ਲਮ, 30 ਨਵੰਬਰ
ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਖ਼ਿਲਾਫ਼ ਆਪਣੀ ਟਿੱਪਣੀਆਂ ਲਈ ਵਿਆਪਕ ਆਲੋਚਨਾ ਦਾ ਸਾਹਮਣਾ ਕਰ ਰਹੇ ਇਜ਼ਰਾਇਲੀ ਨਿਰਦੇਸ਼ਕ ਤੇ ਆਈਐਫਐਫਆਈ ਦੀ ਕੌਮਾਂਤਰੀ ਜਿਊਰੀ ਦੇ ਚੇਅਰਮੈਨ ਰਹੇ ਨਾਦਵ ਲੈਪਿਡ ਨੇ ਕਿਹਾ ਹੈ ਕਿ ਉਹ ਆਪਣੀਆਂ ਟਿੱਪਣੀਆਂ ’ਤੇ ਕਾਇਮ ਹਨ ਕਿਉਂਕਿ ‘ਉਨ੍ਹਾਂ ਨੂੰ ਫ਼ਿਲਮ ਦੇ ਰੂਪ ਵਿਚ ਪੇਸ਼ ਕੀਤਾ ਪ੍ਰਾਪੇਗੰਡਾ ਪਛਾਣਨਾ ਆਉਂਦਾ ਹੈ।’ ਜ਼ਿਕਰਯੋਗ ਹੈ ਕਿ ਲੈਪਿਡ ਨੇ ‘ਦਿ ਕਸ਼ਮੀਰ ਫਾਈਲਜ਼’ ਨੂੰ ‘ਕੂੜ ਪ੍ਰਚਾਰ’ (ਪ੍ਰਾਪੇਗੰਡਾ) ਤੇ ‘ਭੱਦੀ’ ਕਰਾਰ ਦਿੱਤਾ ਸੀ। ਲੈਪਿਡ ਨੇ ਕਿਹਾ ਕਿ ਮਾੜੀਆਂ ਫ਼ਿਲਮਾਂ ਬਣਾਉਣਾ ਕੋਈ ਅਪਰਾਧ ਨਹੀਂ ਹੈ, ਪਰ ਵਿਵੇਕ ਅਗਨੀਹੋਤਰੀ ਵੱਲੋਂ ਨਿਰਦੇਸ਼ਿਤ ਫ਼ਿਲਮ ‘ਕੱਚੀ, ਹਿੰਸਕ ਤੇ ਭਟਕਾਉਣ ਵਾਲੀ ਹੈ।’ ਇਕ ਇਜ਼ਰਾਇਲੀ ਅਖ਼ਬਾਰ ਨਾਲ ਇੰਟਰਵਿਊ ਵਿਚ ਨਿਰਦੇਸ਼ਕ ਨੇ ਕਿਹਾ ਕਿ ਕੌਮਾਂਤਰੀ ਜਿਊਰੀ ਦੇ ਮੁਖੀ ਵਜੋਂ ਸੱਚ ਬਿਆਨਣਾ ਉਨ੍ਹਾਂ ਦਾ ‘ਫ਼ਰਜ਼’ ਸੀ। ਲੈਪਿਡ ਨੇ ਕਿਹਾ, ‘ਸੱਚ ਇਹ ਹੈ ਕਿ ਉਹ ਕਲਪਨਾ ਕਰ ਰਹੇ ਹਨ ਕਿ ਅਜਿਹੀ ਹੀ ਸਥਿਤੀ ਜਲਦੀ ਇਕ ਦਿਨ ਸ਼ਾਇਦ ਇਜ਼ਰਾਈਲ ਵਿਚ ਬਣ ਸਕਦੀ ਹੈ, ਤੇ ਮੈਨੂੰ ਖ਼ੁਸ਼ੀ ਹੋਵੇਗੀ ਕਿ ਅਜਿਹੀ ਸਥਿਤੀ ਵਿਚ, ਵਿਦੇਸ਼ੀ ਜਿਊਰੀ ਦਾ ਮੁਖੀ ਜੋ ਵੀ ਚੀਜ਼ਾਂ ਦੇਖੇਗਾ, ਉਨ੍ਹਾਂ ਬਾਰੇ ਬੋਲੇਗਾ। ਇਕ ਤਰੀਕੇ ਨਾਲ ਮੈਂ ਮਹਿਸੂਸ ਕਰਦਾ ਹਾਂ ਕਿ ਜਿਸ ਥਾਂ ਮੈਨੂੰ ਸੱਦਿਆ ਗਿਆ ਸੀ, ਇਹ ਉਸ ਪ੍ਰਤੀ ਮੇਰਾ ਫ਼ਰਜ਼ ਸੀ।’ ਜ਼ਿਕਰਯੋਗ ਹੈ ਕਿ ‘ਦਿ ਕਸ਼ਮੀਰ ਫਾਈਲਜ਼’ 22 ਨਵੰਬਰ ਨੂੰ ‘ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ’ ਵਿਚ ਦਿਖਾਈ ਗਈ ਸੀ। ਇਜ਼ਰਾਇਲੀ ਫ਼ਿਲਮਸਾਜ਼ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਭਾਰਤ ਵਿਚਲੇ ਇਜ਼ਰਾਇਲੀ ਰਾਜਦੂਤ ਨੇ ਉਸ ਦੀ (ਨਿਰਦੇਸ਼ਕ) ‘ਨਿੱਜੀ ਰਾਇ’ ਕਰਾਰ ਦਿੱਤਾ ਸੀ। ਇਜ਼ਰਾਇਲੀ ਰਾਜਦੂਤਾਂ ਵੱਲੋਂ ਕੀਤੀ ਆਲੋਚਨਾ ’ਤੇ ਲੈਪਿਡ ਨੇ ਕਿਹਾ ਕਿ ਉਸ ਦੀਆਂ ਟਿੱਪਣੀਆਂ ‘ਸਿਆਸੀ’ ਸਨ ਪਰ ਇਜ਼ਰਾਇਲ ਦੀ ਨੁਮਾਇੰਦਗੀ ਨਹੀਂ ਕਰਦੀਆਂ। ਲੈਪਿਡ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਰਤੀ ਸਿਨੇਮਾ ਜਗਤ ਦੀਆਂ ਹਸਤੀਆਂ ਦੇ ਸੈਂਕੜੇ ਈਮੇਲ ਤੇ ਸੁਨੇੇਹੇ ਮਿਲੇ ਹਨ ਜਿਨ੍ਹਾਂ ਉਨ੍ਹਾਂ ਵੱਲੋਂ ਰੱਖੇ ਵਿਚਾਰਾਂ ਦੀ ਹਮਾਇਤ ਕੀਤੀ ਹੈ। ਫ਼ਿਲਸਮਾਜ਼ ਨੇ ਜ਼ੋਰ ਦੇ ਕੇ ਕਿਹਾ ਕਿ, ‘ਭਾਰਤ ਸਰਕਾਰ ਇਸ ਫ਼ਿਲਮ ਨੂੰ ਉਤਸ਼ਾਹਿਤ ਹੋ ਕੇ ਪ੍ਰਚਾਰ ਰਹੀ ਹੈ, ਇਸ ਲਈ ਉਹ ਖ਼ੁਸ਼ ਨਹੀਂ ਹਨ, ਪਰ ਕੀ ਇਕ ਦੇਸ਼ ਸਿਰਫ਼ ਆਪਣੀ ਸਰਕਾਰ ਤੋਂ ਹੈ? ਇਜ਼ਰਾਈਲ ਵਿਚ ਬਣ ਰਹੀ ਸਰਕਾਰ ਨੂੰ ਵੀ ਮੇਰੀਆਂ ਟਿੱਪਣੀਆਂ ਪਸੰਦ ਨਹੀਂ ਆਈਆਂ ਤੇ ਰਾਜਦੂਤ ਉਸੇ ਸਰਕਾਰ ਦੀ ਨੁਮਾਇੰਦਗੀ ਕਰਦੇ ਹਨ।’ ਲੈਪਿਡ ਨੇ ਕਿਹਾ ਕਿ ਉਨ੍ਹਾਂ ਸਿਰਫ਼ ਫ਼ਿਲਮ ਦੇ ਵਿਸ਼ੇ ਉਤੇ ਗੱਲ ਕੀਤੀ ਹੈ ਤੇ ਉਹ ਇੱਥੇ ਕਸ਼ਮੀਰ ਦੇ ਟਕਰਾਅ ਬਾਰੇ ਕਿਸੇ ਦਾ ਪੱਖ ਨਹੀਂ ਰੱਖ ਰਹੇ। -ਪੀਟੀਆਈ
‘ਫ਼ਿਲਮ ਨੂੰ ਸਿਆਸੀ ਦਬਾਅ ਹੇਠ ਮੁਕਾਬਲੇ ਵਾਲੇ ਵਰਗ ’ਚ ਪਾਇਆ ਗਿਆ’
ਸੱਤਾ ਵਿਰੋਧੀ ਵਿਚਾਰਾਂ ਲਈ ਜਾਣੇ ਜਾਂਦੇ ਨਾਦਵ ਲੈਪਿਡ ਨੇ ਦੋਸ਼ ਲਾਇਆ ਕਿ ‘ਦਿ ਕਸ਼ਮੀਰ ਫਾਈਲਜ਼’ ਨੂੰ ਫ਼ਿਲਮ ਮੇਲੇ ਦੇ ‘ਅਧਿਕਾਰਤ ਮੁਕਾਬਲੇ ਵਿਚ ਸਿਆਸੀ ਦਬਾਅ ਹੇਠ ਜ਼ਬਰਦਸਤੀ ਪਾਇਆ ਗਿਆ।’ ਨਿਰਦੇਸ਼ਕ ਨੇ ਕਿਹਾ, ‘ਮੈਂ ਮਹਿਸੂਸ ਕਰਦਾ ਹਾਂ ਕਿ ਇਕ ਵਿਦੇਸ਼ੀ ਵਜੋਂ ਇਹ ਸਭ ਕਹਿਣਾ ਮੇਰਾ ਫ਼ਰਜ਼ ਸੀ, ਜੋ ਸ਼ਾਇਦ ਇੱਥੇ ਰਹਿੰਦੇ ਲੋਕ ਕਹਿਣ ਵੇਲੇ ਔਖ ਮਹਿਸੂਸ ਕਰਦੇ ਹੋਣ। ਸਿਰਫ਼ ਬੀਚਾਂ ਤੇ ਖਾਧੇ ਪਕਵਾਨਾਂ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ।’ -ਪੀਟੀਆਈ