ਅਹਿਮਦਾਬਾਦ, 1 ਦਸੰਬਰ
ਕ੍ਰਿਕਟਰ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ‘ਭੱਜੀ’ ਨੇ ਅੱਜ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ‘ਆਪ’ ਵੱਲੋਂ ਕੱਢੇ ਰੋਡ ਸ਼ੋਅ ਵਿਚ ਹਿੱਸਾ ਲਿਆ। ਇਸ ਰੋਡ ਸ਼ੋਅ ਦੌਰਾਨ ਉਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਕ ਖੁੱਲ੍ਹੀ ਗੱਡੀ ਵਿਚ ਸਵਾਰ ਸੀ। ਰਾਜ ਸਭਾ ਦੇ ਸੰਸਦ ਮੈਂਬਰ ਹਰਭਜਨ ਨੇ ਕਿਹਾ, ‘ਮੈਨੂੰ ਕ੍ਰਿਕਟਰ ਹੁੰਦੇ ਹੋਏ ਜੋ ਪਿਆਰ ਲੋਕਾਂ ਤੋਂ ਮਿਲਿਆ ਹੈ ਤੇ ਮੈਂ ਇਹੀ ਪਿਆਰ ਗੁਜਰਾਤ ਵਾਸੀਆਂ ਤੋਂ ਵੀ ਚਾਹੁੰਦਾ ਹਾਂ।’ ਗੁਜਰਾਤ ਵਿਧਾਨ ਸਭਾ ਦੀਆਂ ਦੂਜੇ ਗੇੜ ਦੀਆਂ ਵੋਟਾਂ ਲਈ ਪ੍ਰਚਾਰ ਕਰਦਿਆਂ ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੇ ਸੂਬੇ ਵਿਚ ਮੁਫਤ ਬਿਜਲੀ ਚਾਹੁੰਦੇ ਹਨ ਤਾਂ ਉਹ ਨਤੀਜੇ ਵਾਲਾ ਦਿਨ 8 ਦਸੰਬਰ ਯਾਦ ਰੱਖਣ। ਉਸ ਨੇ ਕਿਹਾ ਕਿ ਇਹ ਨਤੀਜੇ ਅਜਿਹੇ ਹੋਣੇ ਚਾਹੀਦੇ ਹਨ ਕਿ ਹਰ ਇਕ ਵਿਚ ਉਤਸ਼ਾਹ ਭਰਨ। ਇਹ ਵੀ ਦੱਸਣਾ ਬਣਦਾ ਹੈ ਕਿ ‘ਆਪ’ ਵੱਲੋਂ ਗੁਜਰਾਤ ਵਿਚ 182 ਵਿਚੋਂ 181 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੀ ਜਾ ਰਹੀ ਹੈ। ਪੀਟੀਆਈ