ਪੇਈਚਿੰਗ, 30 ਨਵੰਬਰ
ਚੀਨ ’ਚ ਵਾਇਰਸ ਫੈਲਣ ਕਾਰਨ ਲੱਗੀਆਂ ਪਾਬੰਦੀਆਂ ਦਾ ਜ਼ੋਰਦਾਰ ਵਿਰੋਧ ਹੋਣ ਦੇ ਮੱਦੇਨਜ਼ਰ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ‘ਦੁਸ਼ਮਣ ਤਾਕਤਾਂ ਤੇ ਘੁਸਪੈਠੀਆਂ’ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।’ ਹਾਲਾਂਕਿ ਸਰਕਾਰ ਨੇ ਸਿੱਧੇ ਤੌਰ ਉਤੇ ਮੁਜ਼ਾਹਰਾਕਾਰੀਆਂ ਦਾ ਹਵਾਲਾ ਨਹੀਂ ਦਿੱਤਾ ਹੈ। ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਕਿਹਾ ਹੈ ਕਿ ‘ਘੁਸਪੈਠ ਤੇ ਦੁਸ਼ਮਣ ਤਾਕਤਾਂ ਦੀਆਂ ਗਤੀਵਿਧੀਆਂ’ ਖ਼ਿਲਾਫ਼ ਜ਼ੋਰਦਾਰ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਵਾਇਰਸ ਫੈਲਣ ਕਾਰਨ ਲਾਈਆਂ ਸਖ਼ਤ ਪਾਬੰਦੀਆਂ ਤੋਂ ਅੱਕੇ ਲੋਕ ਵਿਰੋਧ ਕਰ ਰਹੇ ਹਨ ਤੇ ਦਹਾਕਿਆਂ ਬਾਅਦ ਸੜਕਾਂ ਉਤੇ ਨਿਕਲ ਕੇ ਰੋਸ ਜ਼ਾਹਿਰ ਕਰ ਰਹੇ ਹਨ। ਇਹ ਬਿਆਨ ਪਾਰਟੀ ਦੇ ਸਿਆਸੀ ਤੇ ਕਾਨੂੰਨੀ ਮਾਮਲਿਆਂ ਬਾਰੇ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਕਾਫ਼ੀ ਵਧਾ ਦਿੱਤੀ ਗਈ ਹੈ ਤਾਂ ਜੋ ਪਹਿਲਾਂ ਵਰਗੇ ਰੋਸ ਮੁਜ਼ਾਹਰੇ ਦੁਬਾਰਾ ਨਾ ਹੋਣ। ਹਫ਼ਤੇ ਦੇ ਅਖੀਰ ’ਚ ਪੇਈਚਿੰਗ, ਸ਼ੰਘਾਈ, ਗੁਆਂਗਜੂ ਤੇ ਕਈ ਹੋਰ ਸ਼ਹਿਰਾਂ ਵਿਚ ਲੋਕਾਂ ਨੇ ਰੋਸ ਪ੍ਰਗਟਾਇਆ ਹੈ। ਸ਼ਹਿਰਾਂ ਦੀਆਂ ਸੜਕਾਂ ਕੰਢੇ ਅੱਜ ਸੈਂਕੜੇ ਐੱਸਯੂਵੀਜ਼, ਵੈਨਾਂ ਤੇ ਹਥਿਆਰਬੰਦ ਵਾਹਨ ਖੜ੍ਹੇ ਕਰ ਦਿੱਤੇ ਗਏ। -ਏਪੀ