ਲਖਵੀਰ ਸਿੰਘ ਚੀਮਾ
ਟੱਲੇਵਾਲ, 23 ਜਨਵਰੀ
ਨਹਿਰੀ ਪਾਣੀ ਹਾਸਲ ਕਰਨ ਲਈ ਪੰਜ ਪਿੰਡਾਂ ਦੇ ਕਿਸਾਨ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਜੱਦੋ ਜਹਿਦ ਕਰ ਰਹੇ ਹਨ। ਗਾਗੇਵਾਲ, ਸੱਦੋਵਾਲ, ਧਨੇਰ, ਧੂਰਕੋਟ ਅਤੇ ਚੱਕ ਭਾਈਕਾ ਦਾ ਕਰੀਬ 5 ਹਜ਼ਾਰ ਏਕੜ ਫਸਲ ਦਾ ਰਕਬਾ ਨਹਿਰੀ ਪਾਣੀ ਤੋਂ ਸੱਖਣਾ ਹੈ। ਤਿੰਨ ਸਰਕਾਰਾਂ ਬਦਲਣ ਦੇ ਬਾਵਜੂਦ ਹਜ਼ਾਰਾਂ ਕਿਸਾਨਾਂ ਦੀ ਨਹਿਰੀ ਪਾਣੀ ਦੀ ਮੰਗ ਅਜੇ ਵੀ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ। ਪਾਣੀ ਨਾ ਆਉਣ ਕਾਰਨ ਖੇਤਾਂ ਵਿਚਲੇ ਨਹਿਰੀ ਖਾਲ ਵੀ ਢਹਿ ਢੇਰੀ ਹੋ ਗਏ ਹਨ।
ਇਨ੍ਹਾਂ ਪਿੰਡਾਂ ਨੂੰ ਦੱਧਾਹੂਰ ਤੋਂ ਬਠਿੰਡਾ ਬ੍ਰਾਂਚ ਦੀ ਨਹਿਰ ਤੋਂ ਰਜਵਾਹਾ ਨਿਕਲਦਾ ਹੈ। ਪਰ ਮੋਘੇ ਦੀ ਦੂਰੀ 16 ਕਿਲੋਮੀਟਰ ਹੋਣ ਕਰਕੇ ਰਜਵਾਹੇ ਦਾ ਪਾਣੀ ਰਾਹ ’ਚ ਹੀ ਖ਼ਤਮ ਹੋਣ ਕਰਕੇ ਪਿੰਡਾਂ ਦੀਆਂ ਟੇਲਾਂ ’ਤੇ ਨਹੀਂ ਪਹੁੰਚਦਾ। ਪੰਜੇ ਪਿੰਡਾਂ ਦੇ ਕਿਸਾਨਾਂ ਦੀ ਮੰਗ ਅੱਠ ਕਿੱਲੋਮੀਟਰ ਦੂਰ ਪਿੰਡ ਕਾਲਸਾਂ ਤੋਂ ਨਹਿਰ ਵਿੱਚੋਂ ਰਜਵਾਹੇ ਦਾ ਮੋਘਾ ਦੇਣ ਦੀ ਰਹੀ ਹੈ। ਲੰਮੇ ਸਮੇਂ ਦੇ ਸੰਘਰਸ਼ ਤੋਂ ਬਾਅਦ 2016 ’ਚ ਅਕਾਲੀ ਸਰਕਾਰ ਵੇਲੇ ਇਹ ਮੋਘਾ ਪਾਸ ਵੀ ਹੋ ਗਿਆ ਸੀ ਪਰ ਨਹਿਰੀ ਵਿਭਾਗ ਵੱਲੋਂ ਇਸ ਮੋਘੇ ਦੇ ਨਿਰਮਾਣ ਲਈ ਆਉਣ ਵਾਲੀ ਲਾਗਤ 22 ਲੱਖ ਰੁਪਏ ਕਿਸਾਨਾਂ ’ਤੇ ਪਾ ਦਿੱਤੀ ਗਈ ਸੀ। ਇਸ ਕਰਕੇ ਇਹ ਯੋਜਨਾ ਸਿਰੇ ਨਾ ਚੜ੍ਹ ਸਕੀ।
ਇਹ ਇਲਾਕਾ ਲੰਮੇ ਸਮੇਂ ਤੋਂ ਜ਼ਮੀਨੀ ਪਾਣੀ ਨੂੰ ਲੈ ਕੇ ਡਾਰਕ ਜ਼ੋਨ ਐਲਾਨਿਆ ਜਾ ਚੁੱਕਿਆ ਹੈ। ਨਹਿਰੀ ਪਾਣੀ ਨਾ ਮਿਲਣ ਕਾਰਨ ਖੇਤ ਮੋਟਰਾਂ ਦੀ ਡਲਿਵਰੀ 200 ਫੁੱਟ ਪਾਈ ਜਾ ਰਹੀ ਹੈ ਅਤੇ ਬੋਰ 450 ਫੁੱਟ ਡੂੰਘੇ ਕਰਨੇ ਪੈ ਰਹੇ ਹਨ। ਨਹਿਰੀ ਪਾਣੀ ਨਾ ਮਿਲਣ ਕਾਰਨ ਖੇਤਾਂ ਵਿਚਲੇ ਖਾਲ ਟੁੱਟ ਚੁੱਕੇ ਹਨ।
ਇਸ ਸੰਘਰਸ਼ ਦੇ ਮੋਢੀ ਮਾਸਟਰ ਗੁਰਬਖ਼ਸ਼ ਸਿੰਘ ਅਤੇ ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਾਰਕ ਜ਼ੋਨ ’ਚ ਚੱਲ ਰਹੇ ਜ਼ਿਲ੍ਹਾ ਬਰਨਾਲਾ ਨੂੰ ਧਰਤੀ ਹੇਠਲੇ ਪਾਣੀ ਸਬੰਧੀ ਪਾਇਲਟ ਪ੍ਰਾਜੈਕਟ ਵਜੋਂ ਚੁਣਿਆ ਹੈ।
ਮੌਜੂਦਾ ਜਲ ਸਪਲਾਈ ਮੰਤਰੀ ਮੀਤ ਹੇਅਰ ਵੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹਨ। ਇਸ ਕਰਕੇ ਸਰਕਾਰ ਹੁਣ ਇਸੇ ਪ੍ਰਾਜੈਕਟ ਤਹਿਤ ਕਿਸਾਨਾਂ ਦੀ ਮੰਗ ਦੇ ਆਧਾਰ ’ਤੇ ਕਾਲਸਾਂ ਤੋਂ ਮੋਘਾ ਲਗਾ ਕੇ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਏ ਤਾਂ ਕਿ ਧਰਤੀ ਹੇਠਲੇ ਪਾਣੀ ਦੀ ਖੇਤੀ ਲਈ ਵਰਤੋਂ ਘੱਟ ਹੋ ਸਕੇ।
ਪਿੰਡਾਂ ਨੂੰ ਦੱਧਾਹੂਰ ਵਾਲੇ ਮੋਘੇ ਤੋਂ ਮਿਲੇਗਾ ਪਾਣੀ: ਜੇਈ
ਨਹਿਰੀ ਵਿਭਾਗ ਦੇ ਜੇਈ ਹਰਪ੍ਰੀਤ ਸਿੰਘ ਨੇ ਕੋਈ ਵੀ ਨਵੇਂ ਮੋਘੇ ਦਾ ਪ੍ਰਾਜੈਕਟ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਨ੍ਹਾਂ ਪਿੰਡਾਂ ਨੂੰ ਦੱਧਾਹੂਰ ਵਾਲੇ ਮੋਘੇ ਤੋਂ ਹੀ ਨਹਿਰੀ ਪਾਣੀ ਦਿੱਤਾ ਜਾਵੇਗਾ। ਇਸ ਰਜਵਾਹੇ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ ਜੋ ਆਉਣ ਵਾਲੇ 15 ਦਿਨਾਂ ਵਿੱਚ ਨਿਬੇੜ ਕੇ ਨਹਿਰੀ ਪਾਣੀ ਚਾਲੂ ਕਰ ਦਿੱਤਾ ਜਾਵੇਗਾ। ਉਥੇ ਉਨ੍ਹਾਂ ਖੇਤਾਂ ਵਿੱਚੋਂ ਟੁੱਟੇ ਖਾਲਾਂ ਸਬੰਧੀ ਕਿਹਾ ਕਿ ਇਸ ਦੀ ਮੁਰੰਮਤ ਖੁਦ ਕਿਸਾਨਾਂ ਨੂੰ ਹੀ ਕਰਵਾਉਣੀ ਪਵੇਗੀ।