ਜੋਗਿੰਦਰ ਸਿੰਘ ਮਾਨ
ਮਾਨਸਾ, 23 ਜਨਵਰੀ
ਮਾਲਵਾ ਖੇਤਰ ਵਿੱਚ ਕਣਕ ਦੀਆਂ ਕੀਮਤਾਂ ਉਚੀਆਂ ਜਾਣ ਕਾਰਨ ਹੁਣ ਆਟੇ ਦਾ ਭਾਅ ਖੰਡ ਤੋਂ ਉਪਰ ਹੋ ਗਿਆ ਹੈ, ਜੋ ਆਮ ਲੋੜਵੰਦ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ। ਮਈ ਵਿੱਚ ਕਿਸਾਨਾਂ ਵੱਲੋਂ ਵੇਚੀ ਗਈ ਕਣਕ ਦੀਆਂ ਕੀਮਤਾਂ ਹੁਣ ਇੱਕ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਉੱਚੀਆਂ ਹੋ ਗਈਆਂ ਹਨ ਅਤੇ ਆਮ ਚੱਕੀ ਵਾਲਿਆਂ ਵੱਲੋਂ ਆਟਾ 32 ਰੁਪਏ ਪ੍ਰਤੀ ਕਿੱਲੋ ਵੇਚਿਆ ਜਾ ਰਿਹਾ ਹੈ, ਜਦੋਂ ਕਿ ਦੇਸ਼ ਦੀਆਂ ਨਾਮੀ ਕੰਪਨੀਆਂ ਵੱਲੋਂ ਆਟੇ ਦੀ 10 ਕਿੱਲੋ ਦੀ ਪੈਕਿੰਗ ਨੂੰ 400 ਰੁਪਏ ਤੋਂ ਵੱਧ ਵੇਚਿਆ ਜਾ ਰਿਹਾ ਹੈ। ਸਿਲੈਕਟਡ ਆਟੇ ਦੀਆਂ ਕੀਮਤਾਂ 52 ਰੁਪਏ ਤੋਂ ਵੱਧ ਹੋ ਗਈਆਂ ਹਨ। ਖੰਡ ਬਾਜ਼ਾਰ ਵਿੱਚ 39 ਰੁਪਏ ਿਕੱਲੋ ਵਿਕ ਰਹੀ ਹੈ।
ਬਾਜ਼ਾਰ ’ਚੋਂ ਹਾਸਲ ਕੀਤੇ ਵੇਰਵਿਆਂ ਅਨੁਸਾਰ ਇਸ ਵੇਲੇ ਪ੍ਰਚੂਨ ਵਿੱਚ ਆਟਾ 34 ਤੋਂ 37 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ, ਜਦੋਂ ਕਿ ਪੰਜਾਬ ਦੀ ਕਣਕ ਲਗਪਗ 3000 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਅਤੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਦੱਸੀ ਜਾਂਦੀ ਕਣਕ ਦਾ ਭਾਅ 3800 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਬਾਜ਼ਾਰ ਵਿੱਚ ਇਸ ਵੇਲੇ ਚੱਕੀ ਵਾਲਿਆਂ ਵੱਲੋਂ 2 ਰੁਪਏ ਤੋਂ ਢਾਈ ਰੁਪਏ ਪ੍ਰਤੀ ਕਿੱਲੋ ਆਟੇ ਦੀ ਪਿਸਾਈ ਚੱਲ ਰਹੀ ਹੈ। ਇਨ੍ਹਾਂ ਵਧੀਆਂ ਹੋਈਆਂ ਕੀਮਤਾਂ ਨੇ ਮੁੱਲ ਦਾ ਆਟਾ ਲੈ ਕੇ ਖਾਣ ਵਾਲਿਆਂ ਲਈ ਨਵੀਂਆਂ ਮੁਸੀਬਤਾਂ ਪੈਦਾ ਕਰ ਦਿੱਤੀਆਂ ਹਨ, ਜਿਸ ਨਾਲ ਰਸੋਈ ਦਾ ਬਜਟ ਹਿੱਲਣ ਲੱਗਿਆ ਹੈ। ਆਟੇ ਦੀਆਂ ਕੀਮਤਾਂ ਵਧਣ ਕਾਰਨ ਹੋਟਲਾਂ,ਢਾਬਿਆਂ ਉਪਰ ਰੋਟੀਆਂ ਦੀ ਕੀਮਤਾਂ ਵੀ ਵਧਾਈ ਜਾਣ ਲੱਗੀ ਹੈ।
ਵਪਾਰੀਆਂ ਨਾਲ ਹੋਈ ਗੱਲਬਾਤ ਤੋਂ ਪਤਾ ਲੱਗਿਆ ਹੈ ਕਿ ਵਧੀਆਂ ਹੋਈਆਂ ਇਹ ਕੀਮਤਾਂ ਉਨਾ ਚਿਰ ਤੱਕ ਥੱਲੇ ਨਹੀਂ ਆਉਣਗੀਆਂ, ਜਿੰਨਾ ਚਿਰ ਤੱਕ ਨਵੀਂ ਕਣਕ ਵਿਕਣ ਲਈ ਬਾਜ਼ਾਰ ਵਿੱਚ ਨਹੀਂ ਆਵੇਗੀ। ਸ਼ਹਿਰ ਦੇ ਇੱਕ ਵਪਾਰੀ ਅਤੇ ਜ਼ਿਲ੍ਹਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆਂ ਨੇ ਦੱਸਿਆ ਕਿ ਵੱਡੇ ਵਪਾਰੀਆਂ ਵੱਲੋਂ ਕਣਕ ਖਰੀਦ ਕੇ ਸਟੋਰ ਕਰਨ ਤੋਂ ਬਾਅਦ ਮੁਨਾਫ਼ੇ ਦੇ ਮਕਸਦ ਨਾਲ ਇਸ ਦੀਆਂ ਕੀਮਤਾਂ ਨੂੰ ਵਧਾਇਆ ਗਿਆ ਹੈ, ਜਿਸ ਨਾਲ ਆਮ ਲੋਕਾਂ ਦਾ ਕਚੂੰਮਰ ਨਿਕਲਣ ਲੱਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਖੁੱਲ੍ਹੇ ਬਾਜ਼ਾਰ ਵਿੱਚ ਸੇਲ ਸਕੀਮ ਲਈ ਟੈਂਡਰ ਕਰਵਾ ਕੇ ਕਣਕ ਨੂੰ ਬਾਜ਼ਾਰ ਵਿੱਚ ਲੈ ਕੇ ਆਵੇ ਤਾਂ ਜੋ ਉਚੀਆਂ ਚੜ੍ਹੀਆਂ ਕੀਮਤਾਂ ਥੱਲੇ ਆ ਸਕਣ।
ਦੂਜੇ ਪਾਸੇ ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ ਦਾ ਕਹਿਣਾ ਹੈ ਕਿ ਚਾਲੂ ਸੀਜ਼ਨ ਦੌਰਾਨ ਸਰਕਾਰ ਵੱਲੋਂ ਕਣਕ ਦੀ ਖਰੀਦ ਦਾ, ਜੋ ਟੀਚਾ ਮਿਥਿਆ ਗਿਆ ਸੀ, ਉਹ ਪੂਰਾ ਨਹੀਂ ਹੋਇਆ, ਸਗੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਵੱਡੇ ਵਪਾਰੀਆਂ ਨੇ ਇਸ ਨੂੰ ਖਰੀਦ ਕੇ ਭੰਡਾਰ ਕਰ ਲਿਆ ਅਤੇ ਹੁਣ ਮਰਜ਼ੀ ਦੇ ਭਾਅ ਨਾਲ ਇਸ ਨੂੰ ਬਜ਼ਾਰ ਵਿੱਚ ਵੇਚ ਕੇ ਹੱਥ ਰੰਗ ਜਾਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਣਕ ਦੀ ਸਪਲਾਈ ਵਧਾਉਣੀ ਚਾਹੀਦੀ ਹੈ ਤਾਂ ਜੋ ਭਾਅ ਹੇਠਾਂ ਆ ਸਕਣ।
ਇਸੇ ਦੌਰਾਨ ਇੱਕ ਵਪਾਰੀ ਗਿਰਧਾਰੀ ਲਾਲ ਅਤੇ ਸੰਤ ਰਾਮ ਨੇ ਦੱਸਿਆ ਕਿ ਰੂਸ-ਯੂਕਰੇਨ ਜੰਗ ਕਾਰਨ ਇਸ ਸੀਜ਼ਨ ’ਚ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਨੂੰ ਵੀ ਬਹੁਤ ਸਾਰੀ ਕਣਕ ਬਰਾਮਦ ਹੋਈ ਹੈ, ਜਿਸ ਨਾਲ ਘਰੇਲੂ ਬਾਜ਼ਾਰ ’ਚ ਕੀਮਤਾਂ ਵਧਣੀਆਂ ਸ਼ੁਰੂ ਹੋਈਆਂ ਤਾਂ ਕੇਂਦਰ ਸਰਕਾਰ ਨੇ ਨਵੀਂ ਕਣਕ ਦੀ ਖਰੀਦ ਦੌਰਾਨ ਮਈ 2022 ’ਚ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਸੀ। ਉਨ੍ਹਾਂ ਕਿਹਾ ਕਿ ਬਾਅਦ ਵਿੱਚ ਆਟੇ ਦੇ ਨਿਰਯਾਤ ’ਤੇ ਵੀ ਪਾਬੰਦੀ ਲਗਾਈ ਗਈ ਸੀ।