ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 23 ਜਨਵਰੀ
ਗੂਹਲਾ ਦੇ ਜਜਪਾ ਵਿਧਾਇਕ ਈਸ਼ਵਰ ਸਿੰਘ ਵੱਲੋਂ ਹਲਕੇ ਦੀਆਂ ਸੜਕਾਂ ਦੀ ਉਸਾਰੀ ਸਬੰਧੀ ਲਿਖਤੀ ਭਰੋਸੇ ਮਗਰੋਂ ਸੜਕ ਸੁਰੱਖਿਆ ਮੰਚ ਨੇ 40 ਦਿਨਾਂ ਤੋਂ ਚੱਲ ਰਿਹਾ ਧਰਨਾ ਅਤੇ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਧਰਨੇ ਵਾਲੀ ਥਾਂ ’ਤੇ ਪੁੱਜ ਕੇ ਵਿਧਾਇਕ ਨੇ ਪੰਜ ਵਿਅਕਤੀਆਂ ਨੂੰ ਜੂਸ ਪਿਲਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਖਤਮ ਕਰਵਾਈ। ਇਸ ਦੌਰਾਨ ਵਿਧਾਇਕ ਈਸ਼ਵਰ ਸਿੰਘ ਨੇ ਵਾਅਦਾ ਕੀਤਾ ਕਿ ਜੇਕਰ ਤੈਅ ਸਮੇਂ ਵਿੱਚ ਗੂਹਲਾ ਦੀਆਂ ਸੜਕਾਂ ਦੀ ਉਸਾਰੀ ਨਾ ਹੋਈ ਤਾਂ ਉਹ ਖੁਦ ਊਧਮ ਸਿੰਘ ਚੌਕ ’ਤੇ ਆ ਕੇ ਧਰਨੇ ’ਤੇ ਬੈਠ ਜਾਣਗੇ। ਦੂਜੇ ਪਾਸੇ ਸੜਕ ਸੁਰੱਖਿਆ ਮੰਚ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਧਰਨਾ ਮੁਲਤਵੀ ਹੋਇਆ ਹੈ ਖ਼ਤਮ ਨਹੀਂ। ਉਨ੍ਹਾਂ ਕਿਹਾ ਕਿ ਉਹ ਮਾਰਚ ਦੇ ਅੰਤ ਤੱਕ ਸੜਕਾਂ ਦੀ ਉਸਾਰੀ ਸ਼ੁਰੂ ਹੋਣ ਦਾ ਇੰਤਜ਼ਾਰ ਕਰਨਗੇ ਜੇਕਰ ਇਸ ਦੌਰਾਨ ਕੁਝ ਨਹੀਂ ਹੋਇਆ ਤਾਂ ਅੰਦੋਲਨ ਦੁਬਾਰਾ ਸ਼ੁਰੂ ਕਰ ਕੀਤਾ ਜਾਵੇਗਾ। ਭੁੱਖ ਹੜਤਾਲ ਦੀ ਸਮਾਪਤੀ ਤੋਂ ਪਹਿਲਾਂ ਗੁਰਦੁਆਰਾ ਗੁਰੂ ਤੇਗ ਬਹਾਦਰ ਵਿੱਚ ਸੜਕ ਸੁਰੱਖਿਆ ਮੰਚ ਦੀ 7 ਮੈਂਬਰੀ ਕਮੇਟੀ ਅਤੇ ਵਿਧਾਇਕ ਈਸ਼ਵਰ ਸਿੰਘ ਵਿਚਾਲੇ ਗੱਲਬਾਤ ਹੋਈ। ਇਸ ਦੌਰਾਨ ਵਿਧਾਇਕ ਨੇ ਮੰਨਿਆ ਕਿ ਹਲਕਾ ਗੂਹਲਾ ਵਿੱਚ ਸੜਕਾਂ ਦਾ ਬੁਰਾ ਹਾਲ ਹੈ ਤੇ ਉਹ ਇਨ੍ਹਾਂ ਦੀ ਉਸਾਰੀ ਲਈ ਯਤਨ ਕਰਨਗੇ। ਮੀਟਿੰਗ ਵਿੱਚ ਵਿਧਾਇਕ ਨੇ ਭਰੋਸਾ ਦਿੱਤਾ ਕਿ ਫਰਵਰੀ ਤੱਕ 36 ਸੜਕਾਂ ਦੀ ਉਸਾਰੀ ਲਈ ਟੈਂਡਰ ਕੱਢੇ ਜਾਣਗੇ ਅਤੇ ਟੈਂਡਰ ਨਿਕਲਣ ਤੋਂ ਬਾਅਦ ਇਕ ਮਹੀਨੇ ਅੰਦਰ ਉਸਾਰੀ ਕਾਰਜ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਅਧੂਰੀ ਸੜਕ ਦੀ ਉਸਾਰੀ ਛੇਤੀ ਮੁਕੰਮਲ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਦੀਆਂ ਸੜਕਾਂ ਦੀ ਮੁਰੰਮਤ ਲਈ ਕੋਸ਼ਿਸ਼ ਕੀਤੀ ਜਾਵੇਗੀ ਤੇ ਸੜਕਾਂ ਦੀ ਉਸਾਰੀ ਲਈ ਪੀਡਬਲਿਊਡੀ ਅਧਿਕਾਰੀਆਂ ਨਾਲ ਜੋ ਵੀ ਮੀਟਿੰਗ ਹੋਵੇਗੀ ਵਿੱਚ ਉਸ ਵਿੱਚ ਸੜਕ ਸੁਰੱਖਿਆ ਮੋਰਚੇ 7 ਮੈਂਬਰਾਂ ਦੀ ਕਮੇਟੀ ਨੂੰ ਸ਼ਾਮਲ ਕੀਤਾ ਜਾਵੇਗਾ।