ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਜਨਵਰੀ
ਇੱਥੋਂ ਦੇ ਬਸਤੀ ਬਾਵਾ ਖੇਲ ਇਲਾਕੇ ਵਿੱਚ ਆਉਂਦੇ ਤਾਰਾ ਸਿੰਘ ਐਵੇਨਿਊ ਵਿੱਚ ਦਿਨ ਦਿਹਾੜੇ ਇੱਕ ਔਰਤ ਦਾ ਘਰ ਵਿੱਚ ਕਤਲ ਕਰ ਦਿੱਤਾ ਗਿਆ। ਦੁਪਹਿਰ ਦੋ ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵਿੱਚ ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ (49) ਵਜੋਂ ਹੋਈ। ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਉਦੋਂ ਘਰ ਵਿੱਚ ਕਮਲਜੀਤ ਕੌਰ ਦਾ 17 ਸਾਲਾ ਪੁੱਤਰ ਸਤਬੀਰ ਸਿੰਘ ਸੁੱਤਾ ਪਿਆ ਸੀ ਤੇ ਨੌਕਰਾਣੀ ਘਰ ਦੀ ਛੱਤ ’ਤੇ ਕੰਮ ਕਰ ਰਹੀ ਸੀ। ਮ੍ਰਿਤਕਾ ਕਮਲਜੀਤ ਕੌਰ ਦੀ ਨਨਾਣ ਮਾਹੀ ਸੰਧੂ ਨੇ ਦੱਸਿਆ ਕਿ ਉਸ ਦੀ ਭਰਜਾਈ ਉਸ ਨਾਲ ਮੋਬਾਈਲ ਫੋਨ ’ਤੇ ਗੱਲ ਕਰ ਰਹੀ ਸੀ ਜਦੋਂ ਉਸ ’ਤੇ ਹਮਲਾ ਕੀਤਾ ਗਿਆ ਤੇ ਫੋਨ ’ਤੇ ਹੀ ਉਸ ਨੇ ਆਪਣੀ ਭਰਜਾਈ ਦੀਆਂ ਚੀਕਾਂ ਸੁਣੀਆਂ ਸਨ। ਉਸ ਨੇ ਦੱਸਿਆ ਕਿ ਹਮਲਾਵਰ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਸਨ। ਕਮਲਜੀਤ ਕੌਰ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਆਪਣੀ ਧੀ ਦਾ ਵਿਆਹ ਕੀਤਾ ਸੀ। ਉਸ ਨੇ ਦੱਸਿਆ ਕਿ ਘੱਟੋ-ਘੱਟ ਦੋ ਮੋਬਾਈਲ ਫੋਨ ਘਰ ਵਿੱਚ ਗਾਇਬ ਸਨ ਤੇ ਅਲਮਾਰੀ ਦੀ ਤਿਜੋਰੀ ਖੁੱਲ੍ਹੀ ਪਈ ਸੀ। ਉਨ੍ਹਾਂ ਦਾ ਪਾਲਤੂ ਕੁੱਤਾ ਵੀ ਜ਼ਖਮੀ ਹੋ ਗਿਆ ਜਦੋਂ ਕਿ ਉਨ੍ਹਾਂ ਦੀ ਨੌਕਰਾਣੀ ਨੂੰ ਵੀ ਕੁਝ ਸੱਟਾਂ ਲੱਗੀਆਂ। ਥਾਣਾ ਬਾਵਾ ਬਸਤੀ ਖੇਲ੍ਹ ਦੇ ਜਾਂਚ ਕਰਤਾ ਅਫਸਰ ਏਐਸਆਈ ਬਲਵੰਤ ਸਿੰਘ ਨੇ ਦੱਸਿਆ ਕਿ ਲੁਟੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਾਲਾ ਡੀਵੀਆਰ ਲੈ ਗਏ ਹਨ। ਪੁਲੀਸ ਆਲੇ-ਦੁਆਲੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ। ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।
ਪਿੰਡ ਜੱਟਾ ਵਿੱਚ ਨੌਜਵਾਨ ਦੀ ਹੱਤਿਆ
ਤਰਨ ਤਾਰਨ (ਪੱਤਰ ਪ੍ਰੇਰਕ): ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਜੱਟਾ ਵਿਚ ਮਾਮੂਲੀ ਗੱਲ ਨੂੰ ਲੈ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਲਜਿੰਦਰ ਸਿੰਘ (38) ਵਜੋਂ ਹੋਈ ਹੈ| ਪੁਲੀਸ ਨੇ ਇੱਕ ਪਰਿਵਾਰ ਦੇ ਸੱਤ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜੋ ਮ੍ਰਿਤਕ ਦੇ ਗੁਆਂਢੀ ਹਨ। ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਸਤਨਾਮ ਸਿੰਘ ਦੇ ਲੜਕੇ ਕਾਰਜਦੀਪ ਸਿੰਘ, ਰਣਦੀਪ ਸਿੰਘ, ਹਰਜੀਤ ਸਿੰਘ ਦੇ ਲੜਕੇ ਰਣਜੀਤ ਸਿੰਘ ਅਤੇ ਉਸ ਦੀ ਪਤਨੀ ਸੁਖੀ ਵਜੋਂ ਹੋਈ ਹੈ| ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਘਟਨਾ ਸਥਾਨ ’ਤੇ ਪਹੁੰਚ ਕੇ ਲੋੜੀਂਦੇ ਸਬੂਤ ਇਕੱਤਰ ਕੀਤੇ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਸਰਬਜੀਤ ਸਿੰਘ ਆਪਣੀ ਪਤਨੀ ਨਾਲ ਝਗੜ ਰਿਹਾ ਸੀ। ਇਸ ਦੌਰਾਨ ਬਲਜਿੰਦਰ ਸਿੰਘ ਤੇ ਉਸਦੀ ਪਤਨੀ ਪ੍ਰਭਜੋਤ ਕੌਰ ਨੇ ਉਨ੍ਹਾਂ ਦੇ ਘਰ ਜਾ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ| ਉਹ ਜਿਵੇਂ ਹੀ ਆਪਣੇ ਘਰ ਆਏ ਤਾਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਆ ਕੇ ਬਲਜਿੰਦਰ ਸਿੰਘ ਤੇ ਹਮਲਾ ਕਰ ਦਿੱਤਾ। ਇਸ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰ ਨੇ ਉਸ ਨੂੰ ਪਿੰਡ ਰਸੂਲਪੁਰ ਦੇ ਪ੍ਰਾਈਵੇਟ ਹਸਪਤਾਲ ਲਿਆਂਦਾ, ਜਿਥੇ ਉਹ ਇਲਾਜ ਦੌਰਾਨ ਦਮ ਤੋੜ ਗਿਆ| ਸਰਹਾਲੀ ਪੁਲੀਸ ਨੇ ਆਈਪੀਸੀ ਦੀਆਂ ਧਾਰਾਵਾਂ 302, 452, 148 ਅਤੇ 149 ਤਹਿਤ ਕੇਸ ਦਰਜ ਕੀਤਾ ਹੈ|