ਲਖਨਊ, 24 ਜਨਵਰੀ
ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਇੱਥੇ ਤਿੰਨ ਰੋਜ਼ਾ ‘ਉੱਤਰ ਪ੍ਰਦੇਸ਼ ਦਿਵਸ’ ਸਮਾਗਮ ਦਾ ਉਦਘਾਟਨ ਕਰਨ ਮਗਰੋਂ ਕਿਹਾ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਕਿਹਾ ਕਿ ਜਾਤੀਵਾਦ, ਖੇਤਰਵਾਦ ਅਤੇ ਭਾਸ਼ਾਵਾਦ ਨੇ ਉੱਤਰ ਪ੍ਰਦੇਸ਼ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਇਸ ਨੂੰ ਦੇਸ਼ ਦਾ ਸਰਬੋਤਮ ਰਾਜ ਬਣਾਉਣ ਲਈ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣਾ ਪਵੇਗਾ। ਉਦਘਾਟਨੀ ਸਮਾਗਮ ਵਿੱਚ ਰਾਜਪਾਲ ਆਨੰਦੀਬੇਨ ਪਟੇਲ ਵੀ ਹਾਜ਼ਰ ਸਨ।
ਇਸ ਦੌਰਾਨ ਯੋਗੀ ਨੇ ਕਿਹਾ, ‘‘ਮੌਜੂਦਾ ਸਮੇਂ ਯੂਪੀ ਮਾਣ ਨਾਲ ਅੱਗੇ ਵੱਧ ਰਿਹਾ ਹੈ। ਜਾਤ, ਖੇਤਰ, ਧਰਮ ਅਤੇ ਭਾਸ਼ਾ ਦੇ ਆਧਾਰ ’ਤੇ ਪਾਈਆਂ ਗਈਆਂ ਵੰਡੀਆਂ ਨੇ ਉੱਤਰ ਪ੍ਰਦੇਸ਼ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਨੂੰ ਖਤਮ ਕਰਦਿਆਂ ਸਾਨੂੰ ਯੂਪੀ ਨੂੰ ਸਰਬੋਤਮ ਰਾਜ ਦੀ ਸ਼੍ਰੇਣੀ ਵਿੱਚ ਲਿਆਉਣ ਲਈ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧਣਾ ਪਵੇਗਾ।’’
ਉਨ੍ਹਾਂ ਕਿਹਾ ਕਿ ਯੂਪੀ ਵਿੱਚ ਪੈਦਾ ਹੋਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ। ਮੁੱਖ ਮੰਤਰੀ ਨੇ ਕਿਹਾ, ‘‘ਭਾਰਤ ਵਿੱਚ ਜਨਮ ਲੈਣਾ ਔਖਾ ਹੈ ਅਤੇ ਮਨੁੱਖ ਵਜੋਂ ਜਨਮ ਲੈਣਾ ਹੋਰ ਵੀ ਔਖਾ ਹੈ। ਜੇ ਉੱਤਰ ਪ੍ਰਦੇਸ਼ ਵਿੱਚ ਜਨਮ ਲੈਣ ਦਾ ਮੌਕਾ ਮਿਲਦਾ ਹੈ, ਤਾਂ ਇਹ ਮਾਣ ਵਾਲੀ ਗੱਲ ਹੈ।’’ ਉਨ੍ਹਾਂ ਕਿਹਾ, ‘‘ਇਹ ਭਗਵਾਨ ਰਾਮ ਅਤੇ ਭਗਵਾਨ ਕ੍ਰਿਸ਼ਨ ਦੀ ਜਨਮ ਭੂਮੀ ਹੈ। ਇਹ ਤਥਾਗਤ ਗੌਤਮ ਬੁੱਧ ਅਤੇ ਗੰਗਾ-ਯਮੁਨਾ ਦੀ ਪਵਿੱਤਰ ਧਰਤੀ ਹੈ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੁੰਦੇ ਹਨ ਕਿ ਭਾਰਤ ਦੀ ਅਰਥਵਿਵਸਥਾ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇ ਅਤੇ ਉੱਤਰ ਪ੍ਰਦੇਸ਼ ਇਸ ਵਿੱਚ ‘ਵਿਕਾਸ ਦੇ ਇੰਜਣ’ ਵਜੋਂ ਕੰਮ ਕਰੇ। -ਪੀਟੀਆਈ