ਪੱਤਰ ਪ੍ਰੇਰਕ
ਭੁਲੱਥ, 24 ਜਨਵਰੀ
ਨਜ਼ਦੀਕੀ ਪਿੰਡ ਕਮਰਾਏ ਵਿੱਚ ਨੌਜਵਾਨ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਭੁਲੱਥ ਥਾਣੇ ਅੱਗੇ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਮ੍ਰਿਤਕ ਬਲਵਿੰਦਰ ਸਿੰਘ ਉਰਫ ਮੰਗੀ ਦੇ ਪਿਤਾ ਰਘਬੀਰ ਸਿੰਘ, ਮਾਤਾ ਕ੍ਰਿਸ਼ਨ ਦੇਵੀ ਤੇ ਪਤਨੀ ਕੰਚਨ ਨੇ ਕਿਹਾ ਕਿ ਦੋ ਦਿਨ ਬੀਤ ਜਾਣ ਦੇ ਬਾਵਜੂਦ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਬਲਵਿੰਦਰ ਸਿੰਘ ਦਾ ਰਾਤ ਲਗਪਗ 10 ਵਜੇ ਕਤਲ ਹੋ ਜਾਂਦਾ ਹੈ, ਜਦੋਂਕਿ ਅਗਲੇ ਦਿਨ ਪ੍ਰਦਰਸ਼ਨ ਕਰਨ ਤੋਂ ਬਾਅਦ ਪੁਲੀਸ ਨੇ ਸ਼ਾਮ ਨੂੰ ਪਰਚਾ ਦਰਜ ਕੀਤਾ। ਇਸ ਦੌਰਾਨ ਮੁਲਜ਼ਮ ਐੱਨਆਰਆਈ ਨੂੰ ਭੱਜਣ ਦਾ ਮੌਕਾ ਮਿਲ ਗਿਆ। ਇਸ ਸਭ ਦੇ ਜ਼ਿੰਮੇਵਾਰ ਪੁਲੀਸ ਮੁਲਾਜ਼ਮ ਹਨ। ਪਿੰਡ ਵਾਸੀਆਂ ਨੇ ਲਗਪਗ ਦੋ ਘੰਟੇ ਤੋਂ ਵੱਧ ਸਮਾਂ ਥਾਣੇ ਅੱਗੇ ਧਰਨਾ ਜਾਰੀ ਰੱਖਿਆ। ਇਸ ਮੌਕੇ ਪੁੱਜੇ ਐੱਸਪੀ (ਡੀ) ਹਰਵਿੰਦਰ ਸਿੰਘ ਡੱਲੀ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਇਨਸਾਫ਼ ਦਿਵਾਏ ਜਾਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਧਰਨਾ ਚੁੱਕ ਲਿਆ ਗਿਆ। ਉਨ੍ਹਾਂ ਨਾਲ ਡੀਐੱਸਪੀ ਕਪੂਰਥਲਾ ਬਰਜਿੰਦਰ ਸਿੰਘ ਤੇ ਐੱਸਐੱਚਓ ਕੁਲਵੰਤ ਸਿੰਘ ਵੀ ਮੌਕੇ ’ਤੇ ਮੌਜੂਦ ਸਨ। ਧਰਨੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਬਾਬਾ ਸੁਰਿੰਦਰ ਸਿੰਘ, ਬਾਬਾ ਜੋਗਿੰਦਰ ਸਿੰਘ ਨੰਗਲ ਲੁਬਾਣਾ ਆਲ ਇੰਡੀਆ, ਸੁੱਖਾ ਸਿੰਘ, ਬੀਰ ਸਿੰਘ, ਸ਼ਮਸ਼ੇਰ ਸਿੰਘ ਸੰਧੂ ਨੰਗਲ ਲੁਬਾਣਾ, ਜਥੇਦਾਰ ਬਾਬਾ ਗੁਰਦੇਵ ਸਿੰਘ ਦਲ ਪੰਥ ਖਾਲਸਾ ਤੇ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਵੱਲੋਂ ਧਰਨੇ ਦੀ ਅਗਵਾਈ ਕੀਤੀ ਗਈ। ਇਸ ਮੌਕੇ ਕੌਂਸਲਰ ਪਰਮਜੀਤ ਸਿੰਘ ਕਾਲਾ ਵੀ ਮੌਜੂਦ ਸੀ। ਐੱਸਪੀ (ਡੀ) ਹਰਵਿੰਦਰ ਸਿੰਘ ਡੱਲੀ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਇਨਸਾਫ਼ ਦਾ ਪੂਰਾ ਭਰੋਸਾ ਦਿੱਤਾ।