ਪੱਤਰ ਪ੍ਰੇਰਕ
ਕੁਰੂਕਸ਼ੇਤਰ, 24 ਜਨਵਰੀ
ਗੰਨੇ ਦਾ ਭਾਅ ਵਧਾਉਣ ਦੀ ਮੰਗ ਸਬੰਧੀ ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸੈਣੀ ਧਰਮਸ਼ਾਲਾ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਭਾਕਿਯੂ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੀਤੀ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 25 ਜਨਵਰੀ ਨੂੰ ਸਮੂਹ ਕਿਸਾਨ ਖੰਡ ਮਿੱਲਾਂ ਵਿੱਚੋਂ ਆਪਣੇ ਟਰੈਕਟਰਾਂ ਰਾਹੀਂ ਮੁੱਖ ਮੰਤਰੀ ਮਨੋਹਰ ਲਾਲ ਦੀ ਅਰਥੀ ਨੂੰ ਸ਼ਹਿਰ ਦੇ ਚੁਫੇਰੇ ਘੁਮਾਉਣਗੇ, ਫਿਰ ਖੰਡ ਮਿੱਲ ‘ਚ ਆ ਕੇ ਉਸ ਅਰਥੀ ਨੂੰ ਫੂਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 26 ਜਨਵਰੀ ਨੂੰ ਕਿਸਾਨ ਆਗੂ ਚੌਧਰੀ ਛੋਟੂ ਰਾਮ ਦੇ ਜਨਮ ਦਿਨ ਮੌਕੇ ਸਮੂਹ ਕਿਸਾਨ ਇਕੱਠੇ ਹੋ ਕੇ ਆਪਣੀ ਨਜ਼ਦੀਕੀ ਖੰਡ ਮਿੱਲ ਵਿੱਚ ਗੰਨਾ ਸਾੜਨਗੇ। 29 ਜਨਵਰੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਗੋਹਾਣਾ ਅਨਾਜ ਮੰਡੀ ਵਿੱਚ ਹੋਵੇਗੀ, ਜਿੱਥੇ ਸੂਬੇ ਦੇ ਕੋਨੇ-ਕੋਨੇ ਤੋਂ ਕਿਸਾਨ ਵੱਡੀ ਗਿਣਤੀ ‘ਚ ਪੁੱਜਣਗੇ।