ਲਾਜਵੰਤ ਸਿੰਘ
ਨਵਾਂਸ਼ਹਿਰ, 24 ਜਨਵਰੀ
ਕੋਜੈਨਰੇਸ਼ਨ ਪਾਵਰ ਪਲਾਂਟ ’ਚੋਂ ਨਿਕਲਦੀ ਸੁਆਹ ਤੋਂ ਪ੍ਰੇਸ਼ਾਨ ਨਵਾਂਸ਼ਹਿਰ ਵਾਸੀਆਂ ਨੇ ਲੋਕ ਸੰਘਰਸ਼ ਮੰਚ ਦੇ ਸੱਦੇ ’ਤੇ ਅੱਜ ਵਰ੍ਹਦੇ ਮੀਂਹ ਵਿੱਚ ਰੋਸ ਮੁਜ਼ਾਹਰਾ ਕਰਦਿਆਂ ਪਾਵਰ ਪਲਾਂਟ ਦਾ ਘਿਰਾਓ ਕੀਤਾ। ਇਸ ਦੌਰਾਨ ਲੋਕ ਪੁਲੀਸ ਦੇ ਬੈਰੀਕੇਡ ਤੋੜਦੇ ਹੋਏ ਪਾਵਰ ਪਲਾਂਟ ਨੇੜੇ ਪੁੱਜ ਗਏ ਤੇ ਲਗਪਗ ਤਿੰਨ ਘੰਟੇ ਤੱਕ ਘਿਰਾਓ ਜਾਰੀ ਰਿਹਾ। ਲੋਕਾਂ ਨੇ ਮੰਗ ਕੀਤੀ ਕਿ ਪਾਵਰ ਪਲਾਂਟ ’ਚੋਂ ਧੂੰਏਂ ਨਾਲ ਨਿਕਲਦੀ ਸੁਆਹ ਨੂੰ ਬੰਦ ਕੀਤਾ ਜਾਵੇ।
ਜਾਣਕਾਰੀ ਅਨੁਸਾਰ ਪਾਵਰ ਪਲਾਂਟ ਦੇ ਘਿਰਾਓ ਵਿੱਚ ਰੇਹੜੀ ਵਰਕਰਜ਼ ਯੂਨੀਅਨ, ਆਟੋ ਵਰਕਰਜ਼ ਯੂਨੀਅਨ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਇਫਟੂ, ਏਟਕ, ਸ਼ਿਵ ਸੈਨਾ, ਔਰਤ ਜਥੇਬੰਦੀਆਂ, ਧਾਰਮਿਕ, ਸਮਾਜਿਕ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਕਿ ਪਾਵਰ ਪਲਾਂਟ ਦੀ ਜ਼ਹਿਰੀਲੀ ਸੁਆਹ ਖਤਰਨਾਕ ਬਿਮਾਰੀਆਂ ਫੈਲਾ ਰਹੀ ਹੈ, ਪਰ ਪਾਵਰ ਪਲਾਂਟ ਦੇ ਪ੍ਰਬੰਧਕ ਹਰ ਰੋਜ਼ ਨਵਾਂ ਝੂਠ ਬੋਲ ਰਹੇ ਹਨ ਤੇ ਸੁਆਹ ਬੰਦ ਕਰਨ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ। ਉਨ੍ਹਾਂ ਪ੍ਰਸ਼ਾਸਨ ’ਤੇ ਮੀਟਿੰਗਾਂ ਦੇ ਫ਼ੈਸਲੇ ਲਾਗੂ ਨਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਖੇਡਣ ਲਈ ਹੋਰ ਸਮਾਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਕਾਰਵਾਈ ਨਾ ਕਰਕੇ ਪ੍ਰਦੂਸ਼ਣ ਕੰਟਰੋਲ ਬੋਰਡ ਵੀ ਪਾਵਰ ਪਲਾਂਟ ਪ੍ਰਬੰਧਕਾਂ ਦੇ ਹੱਕ ਵਿੱਚ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਸੁਆਹ ਦਾ ਕਹਿਰ ਹੋਰ ਬਰਦਾਸ਼ਤ ਨਹੀਂ ਕਰਨਗੇ, ਕਿਉਂਕਿ ਇਸ ਨਾਲ ਬੱਚਿਆਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਵਰ ਪਲਾਂਟ ਪ੍ਰਬੰਧਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮੌਕੇ ਕੁਲਵਿੰਦਰ ਸਿੰਘ ਵੜੈਚ, ਸੋਹਨ ਸਿੰਘ ਸਲੇਮਪੁਰੀ, ਜਰਨੈਲ ਸਿੰਘ ਖਾਲਸਾ, ਬਿੱਲਾ ਗੁੱਜਰ, ਪੁਨੀਤ ਕਲੇਰ, ਪ੍ਰੋ.ਦਿਲਬਾਗ ਸਿੰਘ, ਸਤੀਸ਼ ਕੁਮਾਰ, ਅਸ਼ਵਨੀ ਜੋਸ਼ੀ, ਬਲਜਿੰਦਰ ਸਿੰਘ, ਲਲਿਤ ਓਹਰੀ, ਸਤਨਾਮ ਸਿੰਘ ਗੁਲਾਟੀ, ਬਲਵੀਰ ਕੁਮਾਰ, ਬੀਬੀ ਗੁਰਬਖਸ਼ ਕੌਰ ਸੰਘਾ, ਗੁਰਮਿੰਦਰ ਸਿੰਘ ਬਡਵਾਲ, ਪਰਮ ਸਿੰਘ ਖਾਲਸਾ ਐਮ.ਸੀ, ਕੁਲਦੀਪ ਸਿੰਘ ਸੁਜੋਂ, ਜਸਪਾਲ ਸਿੰਘ ਗਿੱਦਾ ਤੇ ਮੁਕੰਦ ਲਾਲ ਆਦਿ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੁਆਹ ਦੇ ਮਸਲੇ ’ਤੇ ਸ਼ਹਿਰ ਵਾਸੀਆਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ।