ਰਤਨ ਸਿੰਘ ਢਿੱਲੋਂ
ਅੰਬਾਲਾ, 29 ਜਨਵਰੀ
ਪੰਜਾਬੀ ਭਾਸ਼ਾ ਸੰਘਰਸ਼ ਕਮੇਟੀ ਹਰਿਆਣਾ ਵੱਲੋਂ ਅੰਬਾਲਾ ਛਾਉਣੀ ਦੇ ਸਿੱਖ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਭਾਸ਼ਾ ਸੱਭਿਆਚਾਰ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਬੁਲਾਰਿਆਂ ਨੇ ਹਰਿਆਣਾ ਵਿੱਚ ਪੰਜਾਬੀ ਨੂੰ ਅਮਲੀ ਰੂਪ ਵਿੱਚ ਦੂਜੀ ਸਰਕਾਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸੰਘਰਸ਼ ਕਰਨ ’ਤੇ ਜ਼ੋਰ ਦਿੱਤਾ। ਪ੍ਰੋ. ਗੁਰਦੇਵ ਸਿੰਘ ਦੇਵ ਨੇ ਕਿਹਾ ਕਿ ਪੰਜਾਬੀ ਇਸ ਸਮੇਂ ਕੌਮਾਂਤਰੀ ਭਾਸ਼ਾ ਹੈ ਜਦੋਂ ਕਿ ਹਰਿਆਣਾ ਵਿੱਚ ਵੱਸਦੇ 40 ਫੀਸਦੀ ਪੰਜਾਬੀਆਂ ਨੂੰ ਆਪਣੀ ਮਾਂ-ਬੋਲੀ ਸਿੱਖਣ ਤੇ ਪੜ੍ਹਨ ਦਾ ਪੂਰਾ ਹੱਕ ਨਹੀਂ ਮਿਲ ਰਿਹਾ। ਹਰਿਆਣਵੀ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨਵੀਂ ਪੀੜ੍ਹੀ ਨੂੰ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨਾਲ ਜੋੜਨ। ਡਾ. ਰਤਨ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਰਚੇ ਗਏ ਸਾਹਿਤ ਦੀ ਮਹੱਤਤਾ ਤੋਂ ਹਰੇਕ ਪੰਜਾਬੀ ਲਈ ਜਾਣੂ ਹੋਣਾ ਜ਼ਰੂਰੀ ਹੈ। ਆਰ.ਸੀ. ਮਨਚੰਦਾ ਨੇ ਕਿਹਾ ਕਿ ਹਰਿਆਣਾ ਵਿਚ ਪੰਜਾਬੀ ਗੁਰੂ ਘਰਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਜਿਊਂਦੀ ਰਹੀ ਹੈ। ਪ੍ਰੇਮ ਲਤਾ ਨੇ ਮਹਿਲਾਵਾਂ ਅਤੇ ਬੱਚੀਆਂ ਨੂੰ ਪੰਜਾਬੀ ਨਾਲ ਜੋੜਨ ’ਤੇ ਜ਼ੋਰ ਦਿੱਤਾ। ਦਰਸ਼ਨ ਦੂਆ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਮਿਲਿਆਂ ਦੂਜਾ ਦਰਜਾ ਬਚਾਉਣ ਲਈ ਸੰਘਰਸ਼ ਕਰਨ ਦੀ ਲੋੜ ਹੈ।
ਸੈਮੀਨਾਰ ਦੇ ਮੁੱਖ ਮਹਿਮਾਨ ਭਾਈ ਗੁਰਦੇਵ ਦੱਤ ਛਿੱਬਰ ਨੇ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ। ਮੰਚ ਸੰਚਾਲਨ ਕਮੇਟੀ ਦੇ ਸਕੱਤਰ ਮੇਵਾ ਸਿੰਘ ਭਾਯਾ ਨੇ ਕੀਤਾ। ਇਸ ਦੌਰਾਨ ਜਗਜੀਤ ਸੂਫੀ ਅਤੇ ਸ਼੍ਰੀਮਤੀ ਮੋਨਿਕਾ ਨੇ ਕਵਿਤਾਵਾਂ ਵੀ ਸੁਣਾਈਆਂ।