ਪਰਥ, 29 ਜਨਵਰੀ
ਪੱਛਮੀ ਆਸਟਰੇਲੀਆ ’ਚ ਰੇਡੀਓਐਕਟਿਵ ਕੈਪਸੂਲ ਗੁੰਮਣ ਲਈ ਮਾਈਨਿੰਗ ਕੰਪਨੀ ਨੇ ਮੁਆਫ਼ੀ ਮੰਗੀ ਹੈ। ਅਧਿਕਾਰੀਆਂ ਵੱਲੋਂ ਛੋਟੇ ਪਰ ਜਾਨਲੇਵਾ ਕੈਪਸੂਲ ਦੀ ਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਰਾਹੀਂ ਲਿਆਂਦਾ ਜਾ ਰਿਹਾ ਉਪਕਰਣ 10 ਜਨਵਰੀ ਨੂੰ ਰੇਤੇ ਦੀ ਖੱਡ ਵਾਲੀ ਥਾਂ ਤੋਂ ਪਰਥ ਸ਼ਹਿਰ ’ਚ ਲਿਆਉਣ ਦੌਰਾਨ ਕਿਤੇ ਰਾਹ ’ਚ ਡਿੱਗ ਗਿਆ ਹੈ। ਟਰੱਕ 16 ਜਨਵਰੀ ਨੂੰ ਪਰਥ ਡਿਪੂ ’ਤੇ ਪਹੁੰਚਿਆ ਅਤੇ ਹੰਗਾਮੀ ਸੇਵਾਵਾਂ ਨੇ ਕੈਪਸੂਲ ਗੁੰਮਣ ਦੀ ਰਿਪੋਰਟ 25 ਜਨਵਰੀ ਨੂੰ ਦਰਜ ਕਰਵਾਈ। ਪੱਛਮੀ ਆਸਟਰੇਲੀਆ ਹੰਗਾਮੀ ਸੇਵਾਵਾਂ ਨੇ ਮੁਲਕ ਦੇ ਹੋਰ ਸੂਬਿਆਂ ਅਤੇ ਸੰਘੀ ਸਰਕਾਰ ਨੂੰ ਕੈਪਸੂਲ ਲੱਭਣ ਲਈ ਸਹਾਇਤਾ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਉਨ੍ਹਾਂ ਕੋਲ ਉਪਕਰਣਾਂ ਦੀ ਘਾਟ ਹੈ। ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕੀਤਾ ਹੈ ਕਿ ਕੈਪਸੂਲ ਉਨ੍ਹਾਂ ਦੀਆਂ ਕਾਰਾਂ ਦੇ ਟਾਇਰਾਂ ’ਚ ਫਸ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਕੈਪਸੂਲ ਦੇ ਲੀਕ ਹੋਣ ਨਾਲ ਇਕ ਘੰਟੇ ’ਚ 10 ਐਕਸਰੇਅ ਜਿੰਨੀਆਂ ਖ਼ਤਰਨਾਕ ਕਿਰਨਾਂ ਨਿਕਲ ਸਕਦੀਆਂ ਹਨ ਜੋ ਕੈਂਸਰ ਆਦਿ ਰੋਗਾਂ ਨੂੰ ਸੱਦਾ ਦੇ ਸਕਦੀਆਂ ਹਨ। ਮਾਈਨਿੰਗ ਕੰਪਨੀ ਰੀਓ ਟਿੰਟੋ ਆਇਰਨ ਓਰ ਦੇ ਮੁੱਖ ਕਾਰਜਕਾਰੀ ਸਿਮੋਨ ਟਰੌਟ ਨੇ ਕਿਹਾ ਕਿ ਕੰਪਨੀ ਇਸ ਘਟਨਾ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉਹ ਲੋਕਾਂ ਤੋਂ ਮੁਆਫ਼ੀ ਮੰਗਦੇ ਹਨ। ਅਧਿਕਾਰੀ ਨੇ ਦੱਸਿਆ ਕਿ ਉਹ ਉੱਤਰੀ ਪਰਥ ਅਤੇ ਰਣਨੀਤਕ ਤੌਰ ’ਤੇ ਅਹਿਮ ਗਰੇਟ ਨੌਰਦਰਨ ਹਾਈਵੇਅ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। -ਏਪੀ