ਪ੍ਰਭੂ ਦਿਆਲ
ਸਿਰਸਾ, 30 ਜਨਵਰੀ
ਸਾਲ 2020 ’ਚ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਤੇ ਹੋਰ ਮੰਗਾਂ ਦੀ ਪੂਰਤੀ ਲਈ ਪੰਦਰਾਂ ਦਿਨਾਂ ਤੋਂ ਮਿੰਨੀ ਸਕੱਤਰੇਤ ਦੇ ਬਾਹਰ ਪੱਕਾ ਮੋਰਚਾ ਲਾਈ ਬੈਠੇ ਕਿਸਾਨਾਂ ਨੇ ਅੱਜ ਸਰਕਾਰ ਤੇ ਪ੍ਰਸ਼ਾਸਨ ’ਤੇ ਬੇਰੁਖੀ ਦਾ ਦੋਸ਼ ਲਾਉਂਦਿਆਂ ਨੰਗੇ ਪਿੰਡੇ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਮੁਜ਼ਾਹਰਾ ਕੀਤਾ ਤੇ ਸਰਕਾਰ ਤੇ ਪ੍ਰਸ਼ਾਸਨ ਦੇ ਪੁਤਲੇ ਫੂਕੇ। ਇਸ ਦੌਰਾਨ ਭਾਰੀ ਗਿਣਤੀ ’ਚ ਪੁਲੀਸ ਨੂੰ ਤਾਇਨਾਤ ਕੀਤਾ ਗਿਆ ਸੀ। ਮੀਂਹ ਵਿੱਚ ਵੀ ਕਿਸਾਨਾਂ ਦਾ ਪੱਕਾ ਮੋਰਚਾ ਜਾਰੀ ਹੈ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਨ੍ਹਾਂ ਦਾ ਇਹ ਪੱਕਾ ਮੋਰਚਾ ਜਾਰੀ ਰਹੇਗਾ।