ਜਗਤਾਰ ਸਮਾਲਸਰ
ਏਲਨਾਬਾਦ, 2 ਫਰਵਰੀ
ਹਰਿਆਣਾ ਦੇ ਪੰਚਾਇਤ ਮੰਤਰੀ ਦਵਿੰਦਰ ਬੱਬਲੀ ਸਰਪੰਚਾਂ ਨੂੰ ਬਦਨਾਮ ਕਰ ਰਹੇ ਹਨ ਜੋ ਨਿੰਦਣਯੋਗ ਹੈ। ਇਹ ਗੱਲਾਂ ਅੱਜ ਏਲਨਾਬਾਦ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਪੰਚ ਐਸੋਸੀਏਸ਼ਨ ਸਿਰਸਾ ਦੇ ਪ੍ਰਧਾਨ ਜਸਕਰਨ ਸਿੰਘ ਕੰਗ ਨੇ ਕਹੀਆਂ। ਉਨ੍ਹਾਂ ਕਿਹਾ ਕਿ ਸਰਪੰਚ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ, ਜਿਸ ਕਾਰਨ ਸਰਪੰਚ ਐਸੋਸੀਏਸ਼ਨ ਵੱਲੋਂ 3 ਫਰਵਰੀ ਨੂੰ ਨਰਵਾਣਾ ਵਿਖੇ ਹੋਣ ਵਾਲੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ ਰੈਲੀ ਦੇ ਵਿਰੋਧ ਵਿੱਚ 4 ਜ਼ਿਲ੍ਹਿਆਂ ਸਿਰਸਾ, ਫਤਿਹਾਬਾਦ, ਹਾਂਸੀ ਅਤੇ ਹਿਸਾਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਜਿਸ ਤਹਿਤ ਰੈਲੀ ਵਿੱਚ ਜਾਣ ਵਾਲੇ ਲੋਕਾਂ ਨੂੰ ਬੱਦੋਵਾਲ ਟੌਲ ਪਲਾਜ਼ਾ ’ਤੇ ਧਰਨਾ ਦੇ ਕੇ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਮੂਹ ਸਰਪੰਚਾਂ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਉਹ ਭਾਜਪਾ ਲੀਡਰਸ਼ਿਪ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵੜਨ ਦੇਣਗੇ।