ਗੁਰੂਗ੍ਰਾਮ, 3 ਫਰਵਰੀ
ਤੇਜ਼ ਰਫਤਾਰ ਕਾਰ ਨਾਲ ਇੱਕ ਮੋਟਰਸਾਈਕਲ ਨੂੰ ਤਿੰਨ ਕਿਲੋਮੀਟਰ ਤੱਕ ਘੜੀਸਣ ਦੇ ਦੋਸ਼ ਹੇਠ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਪੁਲੀਸ ਨੇ ਦੱਸਿਆ ਕਿ ਬੁੱਧਵਾਰ ਰਾਤ ਨੂੰ ਇੱਕ ਕਾਰ ਚਾਲਕ ਨੇ ਸੜਕ ਕਿਨਾਰੇ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਜਦੋਂ ਦੋਪਹੀਆ ਵਾਹਨ ਕਾਰ ਹੇਠਾਂ ਫਸ ਗਿਆ ਤਾਂ ਕਾਰ ਉਸ ਨੂੰ ਤਿੰਨ ਕਿਲੋਮਟਰ ਤੱਕ ਘੜੀਸ ਕੇ ਲੈ ਗਈ। ਮੋਟਰਸਾਈਕਲ ਮਾਲਕ ਬਾਊਂਸਰ ਮੋਨੂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਕਰੀਬ 11:30 ਵਜੇ ਉਸ ਵੇਲੇ ਵਾਪਰੀ ਜਦੋਂ ਉਹ ਕੰਮ ਤੋਂ ਘਰ ਆ ਰਿਹਾ ਸੀ। ਉਸ ਨੇ ਦੱਸਿਆ ਕਿ ਉਹ ਮੋਟਰਸਾਈਕਲ ਦੇ ਕੋਲ ਖੜ੍ਹਾ ਸੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ ਪਰ ਕਾਰ ਉਸ ਦੇ ਦੋਪਹੀਆ ਵਾਹਨ ਨੂੰ ਘੜੀਸਦੀ ਲੈ ਗਈ। ਇਸ ਦੌਰਾਨ ਉਸ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਪੁਲੀਸ ਨੇ ਮੋਟਰਸਾਈਕਲ ਮਾਲਕ ਦੀ ਸ਼ਿਕਾਇਤ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਸੈਕਟਰ-65 ਥਾਣੇ ਵਿੱਚ ਆਈਪੀਸੀ ਦੀ ਧਾਰਾ 279, 336, 427 ਤਹਿਤ ਕੇਸ ਦਰਜ ਕੀਤਾ ਹੈ। ਗੁਰੂਗ੍ਰਾਮ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕਾਰ ਮਾਲਕ ਫਰੀਦਾਬਾਦ ਦੇ ਸੁਸ਼ਾਂਤ ਮਹਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਕਾਰ ਵੀ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੈਕਟਰ-63 ਵਿੱਚ ਇੱਕ ਨਿੱਜੀ ਫਰਮ ਵਿੱਚ ਕੰਮ ਕਰਦਾ ਹੈ। -ਪੀਟੀਆਈ
ਕਾਂਝਾਵਾਲਾ ਕੇਸ: ਦਿੱਲੀ ਪੁਲੀਸ ਨੂੰ ਮਿਲੀ ਪੀੜਤਾ ਦੀ ਵਿਸਰਾ ਰਿਪੋਰਟ
ਨਵੀਂ ਦਿੱਲੀ: ਇੱਥੇ ਸੁਲਤਾਨਪੁਰੀ ਦੇ ਬਾਹਰਵਾਰ ਕਾਰ ਨਾਲ ਘਸੀਟ ਕੇ ਮਾਰੀ ਗਈ 20 ਸਾਲਾਂ ਮੁਟਿਆਰ ਦੀ ਵਿਸਰਾ ਰਿਪੋਰਟ ਦਿੱਲੀ ਪੁਲੀਸ ਨੂੰ ਮਿਲ ਗਈ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਸਾਂਝੀ ਕੀਤੀ। ਸਪੈਸ਼ਲ ਪੁਲੀਸ ਕਮਿਸ਼ਨਰ (ਲਾਅ ਐਂਡ ਆਰਡਰ ਜ਼ੋਨ 2) ਸਾਗਰ ਪ੍ਰੀਤ ਹੁੱਡਾ ਨੇ ਦੱਸਿਆ ਕਿ ਰੋਹਿਣੀ ਦੀ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ 24 ਜਨਵਰੀ ਨੂੰ ਰਿਪੋਰਟ ਭੇਜ ਦਿੱਤੀ ਗਈ ਸੀ। ਹੁਣ ਇਸ ਰਿਪੋਰਟ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ। -ਪੀਟੀਆਈ