ਪੋਰਟ ਬਲੇਅਰ, 5 ਫਰਵਰੀ
ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਅੰਡੇਮਾਨ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਤੇਂਦਰ ਨਰਾਇਣ ਸਣੇ ਦੋ ਹੋਰ ਵਿਅਕਤੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਐਤਵਾਰ ਨੂੰ ਦਿੱਤੀ ਹੈ। ਇਸ ਮਾਮਲੇ ਬਾਰੇ 21 ਵਰ੍ਹਿਆਂ ਦੀ ਮਹਿਲਾ ਨੇ ਕੇਸ ਦਰਜ ਕਰਵਾਇਆ ਸੀ। ਪੁਲੀਸ ਅਨੁਸਾਰ 935 ਪੇਜਾਂ ਵਾਲੇ ਦੋਸ਼ ਪੱਤਰ ਵਿੱਚ ਨਰਾਇਣ ਸਣੇ ਸਨਅਤਕਾਰ ਸੰਦੀਪ ਸਿੰਘ ਉਰਫ ਰਿੰਕੂ ਅਤੇ ਮੁਅੱਤਲ ਕਿਰਤ ਕਮਿਸ਼ਨਰ ਰਿਸ਼ੀਸ਼ਵਰਲਾਲ ਰਿਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ। ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕਰਨ ਵਾਲੀ ਆਗੂ ਮੋਨਿਕਾ ਭਾਰਦਵਾਜ ਨੇ ਇਹ ਚਾਰਜਸ਼ੀਟ ਬੀਤੇ ਸ਼ੁੱਕਰਵਾਰ ਨੂੰ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਅਨੁਸਾਰ ਨੌਕਰੀ ਦਾ ਲਾਰਾ ਲਗਾ ਕੇ ਮੁੱਖ ਸਕੱਤਰ ਜਤਿੰਦਰ ਨਰਾਇਣ ਨੇ ਉਸ ਨੂੰ ਆਪਣੇ ਘਰ ਸੱਦਿਆ ਜਿਥੇ ਨਰਾਇਣ ਸਣੇ ਹੋਰਨਾਂ ਨੇ ਉਸ ਨਾਲ ਸਮੂਹਿਕ ਜਬਰ-ਜਨਾਹ ਕੀਤਾ। ਇਸ ਕੇਸ ਵਿੱਚ ਬੀਤੇ ਸਾਲ ਅਕਤੂਬਰ ਵਿੱਚ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ