ਤਈਪੇਈ, 4 ਫਰਵਰੀ
‘ਜਾਸੂਸੀ ਗੁਬਾਰਾ’ ਉੱਡਣ ਦੀ ਘਟਨਾ ਤੋਂ ਬਾਅਦ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਚੀਨ ਦਾ ਦੌਰਾ ਕਰਨ ਦੇ ਫ਼ੈਸਲੇ ਨੂੰ ਪੇਈਚਿੰਗ ਨੇ ਜ਼ਿਆਦਾ ਤਵੱਜੋਂ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੇ ਆਸਮਾਨ ਵਿਚ ਇਕ ਵੱਡਾ ਚੀਨੀ ਗੁਬਾਰਾ ਦੇਖਿਆ ਗਿਆ ਸੀ, ਤੇ ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਇਹ ਅਮਰੀਕਾ ਦੇ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਦੇ ਮੰਤਵ ਨਾਲ ਭੇਜਿਆ ਗਿਆ ਹੈ।
ਚੀਨ ਨੇ ਕਿਹਾ ਕਿ ਦੌਰੇ ਬਾਰੇ ਦੋਵਾਂ ਧਿਰਾਂ ਨੇ ਰਸਮੀ ਤੌਰ ਉਤੇ ਕੋਈ ਐਲਾਨ ਨਹੀਂ ਕੀਤਾ ਸੀ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, ‘ਅਸਲ ਵਿਚ ਅਮਰੀਕਾ ਤੇ ਚੀਨ ਨੇ ਅਜਿਹੇ ਕਿਸੇ ਦੌਰੇ ਦਾ ਐਲਾਨ ਨਹੀਂ ਕੀਤਾ ਸੀ, ਅਮਰੀਕਾ ਆਪਣੇ ਪੱਧਰ ਉਤੇ ਜੇ ਅਜਿਹਾ ਕੋਈ ਐਲਾਨ ਕਰ ਰਿਹਾ ਹੈ ਤਾਂ ਇਹ ਉਨ੍ਹਾਂ ਦਾ ਮਸਲਾ ਹੈ, ਅਸੀਂ ਇਸ ਦਾ ਸਨਮਾਨ ਕਰਦੇ ਹਾਂ।’ ਅਮਰੀਕਾ ਤੇ ਚੀਨ ਵਿਚਾਲੇ ਤਣਾਅ ਘਟਾਉਣ ਦੇ ਮੰਤਵ ਨਾਲ ਬਲਿੰਕਨ ਭਲਕੇ ਚੀਨ ਦੇ ਦੌਰੇ ਉਤੇ ਜਾਣ ਵਾਲੇ ਸਨ। ਪਿਛਲੇ ਸਾਲ ਨਵੰਬਰ ਵਿਚ ਇੰਡੋਨੇਸ਼ੀਆ ’ਚ ਦੋਵਾਂ ਮੁਲਕਾਂ ਦੇ ਆਗੂਆਂ ਦੀ ਬੈਠਕ ਤੋਂ ਬਾਅਦ ਇਹ ਪਹਿਲਾ ਉੱਚ ਪੱਧਰੀ ਦੌਰਾ ਸੀ। ਪਰ ਗੁਬਾਰਾ ਮਿਲਣ ਤੋਂ ਬਾਅਦ ਦੌਰਾ ਰੱਦ ਕਰ ਦਿੱਤਾ ਗਿਆ। ਹਾਲਾਂਕਿ ਚੀਨ ਨੇ ਦਾਅਵਾ ਕੀਤਾ ਹੈ ਕਿ ਇਹ ਮਹਿਜ਼ ਮੌਸਮ ਖੋਜ ਨਾਲ ਸਬੰਧਤ ‘ਏਅਰਸ਼ਿਪ’ ਸੀ ਜੋ ਆਪਣੇ ਰਸਤੇ ਤੋਂ ਭਟਕ ਗਿਆ। ਪੈਂਟਾਗਨ ਨੇ ਹਾਲਾਂਕਿ ਚੀਨ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਚੀਨ ਦੇ ਇੰਟਰਨੈੱਟ ’ਤੇ ਸਰਕਾਰ ਦਾ ਜਿਹੜਾ ਰੁਖ਼ ਸਾਹਮਣੇ ਆਇਆ ਹੈ, ਉਸ ਮੁਤਾਬਕ ਉਨ੍ਹਾਂ ਕਿਹਾ ਹੈ ਕਿ ਅਮਰੀਕਾ ਮਾਮਲੇ ਨੂੰ ਬੇਵਜ੍ਹਾ ਤੂਲ ਦੇ ਰਿਹਾ ਹੈ। -ਏਪੀ