ਕੇਂਟ, 17 ਮਾਰਚ
ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੀ ਸਲਾਹ ’ਤੇ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇੰਗਲੈਂਡ ਦੇ ਅਗਲੇ ਕਾਊਂਟੀ ਸੈਸ਼ਨ ਵਿੱਚ ਕੇਂਟ ਦੀ ਟੀਮ ਲਈ ਪੰਜ ਮੁਕਾਬਲੇ ਖੇਡੇਗਾ। ਕੇਂਟ ਕਾਊਂਟੀ ਟੀਮ ਨੇ ਆਪਣੀ ਵੈੱਬਸਾਈਟ ’ਤੇ ਇਹ ਜਾਣਕਾਰੀ ਦਿੱਤੀ ਹੈ। ਇੱਥੇ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਕੇਂਟ ਕ੍ਰਿਕਟ ਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਭਾਰਤੀ ਕੌਮਾਂਤਰੀ ਗੇਂਦਬਾਜ਼ ਅਰਸ਼ਦੀਪ ਸਿੰਘ ਜੂਨ ਤੇ ਜੁਲਾਈ ਦਰਮਿਆਨ ਕਾਊਂਟੀ ਚੈਂਪੀਅਨਸ਼ਿਪ ਦੇ ਪੰਜ ਮੈਚਾਂ ਵਿੱਚ ਟੀਮ ਦੀ ਨੁਮਾਇੰਦਗੀ ਲਈ ਮੌਜੂਦ ਰਹੇਗਾ। ਉਨ੍ਹਾਂ ਦੀ ਮੌਜੂਦਗੀ ਹਾਲਾਂਕਿ ਲਾਜ਼ਮੀ ਮਨਜ਼ੂਰੀ ਅਧੀਨ ਹੋਵੇਗੀ।’’ ਅਰਸ਼ਦੀਪ ਨੇ ਕਿਹਾ ਕਿ ਉਸ ਨੇ ਲਾਲ ਗੇਂਦ ਨਾਲ ਖੇਡਣ ਵਿੱਚ ਆਪਣੇ ਹੁਨਰ ਨੂੰ ਤਰਾਸ਼ਣ ਲਈ ਕਾਊਂਟੀ ਖੇਡਣ ਦਾ ਫ਼ੈਸਲਾ ਕੀਤਾ ਹੈ। ਅਰਸ਼ਦੀਪ ਨੇ ਪਿਛਲੇ ਸਾਲ ਨਵੰਬਰ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਮੈਚ ਨਾਲ ਕੌਮਾਂਤਰੀ ਇੱਕ ਰੋਜ਼ਾ ਕ੍ਰਿਕਟ ਵਿੱਚ ਕਦਮ ਰੱਖਿਆ ਸੀ। ਉਸ ਨੇ ਸੀਮਤ ਓਵਰਾਂ ਵਿੱਚ ਭਾਰਤ ਲਈ ਕੁੱਲ 29 ਕੌਮਾਂਤਰੀ ਮੈਚ ਖੇਡੇ ਹਨ। -ਪੀਟੀਆਈ