ਹੇਗ, 17 ਮਾਰਚ
ਕੌਮਾਂਤਰੀ ਅਪਰਾਧ ਅਦਾਲਤ (ਆਈਸੀਸੀ) ਨੇ ਰੂਸ ਦੇ ਰਾਸ਼ਟਰਪਤੀ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਵਲਾਦੀਮੀਰ ਪੂਤਿਨ ਉਤੇ ਯੂਕਰੇਨ ਵਿਚੋਂ ਬੱਚੇ ਅਗਵਾ ਕਰ ਕੇ ਜੰਗੀ ਅਪਰਾਧ ਕਰਨ ਦੇ ਦੋਸ਼ ਲਾਏ ਗਏ ਹਨ। ਅਦਾਲਤ ਨੇ ਇਕ ਬਿਆਨ ਵਿਚ ਕਿਹਾ ਕਿ ਪੂਤਿਨ ਨੇ ‘ਕਥਿਤ ਤੌਰ ਉਤੇ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਅਗਵਾ ਕੀਤਾ ਹੈ, ਤੇ ਉਹ ਜੰਗੀ ਅਪਰਾਧਾਂ ਦਾ ਜ਼ਿੰਮੇਵਾਰ ਹੈ।
ਉਨ੍ਹਾਂ ਯੂਕਰੇਨ ਦੇ ਆਪਣੇ ਕਬਜ਼ੇ ਵਾਲੇ ਖੇਤਰਾਂ ਵਿਚੋਂ ਬੱਚਿਆਂ ਨੂੰ ਰੂਸ ਲਿਆਂਦਾ ਹੈ।’ ਰੂਸ ਦੇ ਰਾਸ਼ਟਰਪਤੀ ਦਫ਼ਤਰ ਵਿਚ ਬੱਚਿਆਂ ਦੇ ਹੱਕਾਂ ਬਾਰੇ ਕਮਿਸ਼ਨਰ ਖ਼ਿਲਾਫ਼ ਵੀ ਵਾਰੰਟ ਜਾਰੀ ਕੀਤੇ ਗਏ ਹਨ। ਆਈਸੀਸੀ ਨੇ ਕਿਹਾ ਹੈ ਕਿ ਇਸ ਗੱਲ ਉਤੇ ਯਕੀਨ ਕਰਨ ਲਈ ਕਾਫ਼ੀ ਜ਼ਮੀਨੀ ਅਧਾਰ ਮੌਜੂਦ ਹੈ ਕਿ ਇਨ੍ਹਾਂ ਜੰਗੀ ਅਪਰਾਧ ਕੀਤੇ ਹਨ। ਰੂਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਪੂਤਿਨ ਖ਼ਿਲਾਫ਼ ਜਾਰੀ ਹੋਏ ਵਾਰੰਟ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਨੂੰਨੀ ਨੁਕਤੇ ਤੋਂ ਇਸ ਦਾ ਕਿਸੇ ਦੇਸ਼ ਲਈ ਕੋਈ ਮਤਲਬ ਨਹੀਂ ਹੈ। -ਏਪੀ
ਰੂਸ ਦੌਰੇ ’ਤੇ ਜਾਣਗੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ
ਪੇਈਚਿੰਗ/ਮਾਸਕੋ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸੋਮਵਾਰ ਨੂੰ ਰੂਸ ਦੇ ਦੌਰੇ ਉਤੇ ਜਾਣਗੇ। ਇਸ ਮੌਕੇ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਅਹਿਮ ਮੁਲਾਕਾਤ ਕਰਨਗੇ। ਸੰਭਾਵਨਾ ਜਤਾਈ ਗਈ ਹੈ ਕਿ ਇਸ ਮੌਕੇ ਜਿਨਪਿੰਗ ਰੂਸ ਦੇ ਰਾਸ਼ਟਰਪਤੀ ਪੂਤਿਨ ਅੱਗੇ ਯੂਕਰੇਨ ਜੰਗ ਖ਼ਤਮ ਕਰਨ ਦੀ ਤਜਵੀਜ਼ ਰੱਖਣਗੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਪੂਤਿਨ ਦੇ ਸੱਦੇ ਉਤੇ ਜਿਨਪਿੰਗ ਮਾਸਕੋ ਜਾ ਰਹੇ ਹਨ। ਉਹ 20-22 ਮਾਰਚ ਤੱਕ ਉੱਥੇ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੈਂਗ ਵੇਨਬਿਨ ਨੇ ਮੀਡੀਆ ਨੂੰ ਕਿਹਾ ਕਿ ਚੀਨ ਟਕਰਾਅ ਤੇ ਵਿਵਾਦ ਸੁਲਝਾਉਣ ਲਈ ਸਿਆਸੀ ਸੰਵਾਦ ਵਿਚ ਯਕੀਨ ਰੱਖਦਾ ਹੈ। ਮਾਸਕੋ ਵਿਚ ਸ਼ੀ ਦੇ ਦੌਰੇ ਬਾਰੇ ਰੂਸੀ ਸਰਕਾਰ ਵੱਲੋਂ ਵੀ ਇਸੇ ਤਰ੍ਹਾਂ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕ ਵਿਆਪਕ ਭਾਈਵਾਲੀ ਵਾਲੇ ਰਿਸ਼ਤਿਆਂ ਤੇ ਰਣਨੀਤਕ ਤਾਲਮੇਲ ਉਤੇ ਚਰਚਾ ਕਰਨਗੇ। ਕੌਮਾਂਤਰੀ ਪੱਧਰ ਉਤੇ ਤਾਲਮੇਲ ਕਰਨ ਬਾਰੇ ਵੀ ਵਿਚਾਰ-ਵਟਾਂਦਰਾ ਹੋਵੇਗਾ। ਕਰੈਮਲਿਨ ਮੁਤਾਬਕ ਕਈ ਮਹੱਤਵਪੂਰਨ ਦੁਵੱਲੇ ਦਸਤਾਵੇਜ਼ਾਂ ਉਤੇ ਸਹੀ ਪਾਈ ਜਾਵੇਗੀ। ਦੌਰੇ ਬਾਰੇ ਐਲਾਨ ਉਸ ਵੇਲੇ ਸਾਹਮਣੇ ਆਇਆ ਹੈ ਜਦ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਨੇ ਆਪਣੇ ਯੂਕਰੇਨੀ ਹਮਰੁਤਬਾ ਨਾਲ ਗੱਲਬਾਤ ਕੀਤੀ ਹੈ। ਕਿਨ ਨੇ ਮਾਸਕੋ ਤੇ ਕੀਵ ਨੂੰ ਸ਼ਾਂਤੀ ਵਾਰਤਾ ਦਾ ਸੱਦਾ ਦਿੱਤਾ ਹੈ। ਇਸੇ ਦੌਰਾਨ ਅਮਰੀਕਾ ਨੇ ਸ਼ੀ-ਪੂਤਿਨ ਦੀ ਮੀਟਿੰਗ ਤੋਂ ਪਹਿਲਾਂ ਕਿਹਾ ਹੈ ਕਿ ਉਹ ਯੂਕਰੇਨ ਵਿਚ ਗੋਲੀਬੰਦੀ ਦੇ ਸੱਦੇ ਦਾ ਵਿਰੋਧ ਕਰੇਗਾ ਕਿਉਂਕਿ ਉਹ ਇਸ ਨੂੰ ‘ਰੂਸ ਵੱਲੋਂ ਕਬਜ਼ਾ ਕੀਤੇ ਗਏ ਖੇਤਰਾਂ’ ਨਾਲ ਸਮਝੌਤਾ ਕਰਨ ਦੇ ਬਰਾਬਰ ਸਮਝਦਾ ਹੈ। -ਪੀਟੀਆਈ