ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਮਾਰਚ
ਚੌਧਰੀ ਦੇਵੀ ਲਾਲ ਯੂਨੀਵਰਸਿਟੀ ’ਚ ਅੱਜ ਸਾਲਾਨਾ ਅਥਲੈਟਿਕ ਮੀਟ ਦਾ ਆਗਾਜ਼ ਰੰਗਾ ਰੰਗ ਪ੍ਰੋਗਰਾਮ ਨਾਲ ਹੋਇਆ। ਇਸ ਦਾ ਉਦਘਾਟਨ ਗੁਰੂ ਜੰਬੇਸ਼ਵਰ ਯੂਨੀਵਰਸਿਟੀ, ਹਿਸਾਰ ਦੇ ਵਾਈਸ ਚਾਂਸਲਰ ਪ੍ਰੋ. ਅਵਨੀਸ਼ ਵਰਮਾ ਨੇ ਕੀਤਾ ਜਦਕਿ ਇਸ ਦੀ ਪ੍ਰਧਾਨਗੀ ਸੀਡੀਐਲਯੂ ਦੇ ਰਜਿਸਟਾਰ ਡਾ. ਰਾਜੇਸ਼ ਬਾਂਸਲ ਨੇ ਕੀਤੀ। ਪ੍ਰੋ. ਅਵਨੀਸ਼ ਵਰਮਾ ਨੇ ਕਿਹਾ ਕਿ ਖੇਡਾਂ ਨਾਲ ਵਿਦਿਆਰਥੀ ਜੀਵਨ ’ਚ ਅਨੁਸ਼ਾਸਨ ਆਉਂਦਾ ਹੈ ਤੇ ਸਾਲਾਨਾ ਅਥਲੈਟਿਕ ਮੀਟ ਦੇ ਜ਼ਰੀਏ ਕਿਸੇ ਯੂਨੀਵਰਸਿਟੀ ਦੇ ਸਿਹਤ ਬਾਰੇ ਪਤਾ ਚਲਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੀਡੀਐੱਲਯੂ ਦੇ ਰਜਿਸਟਾਰ ਡਾ. ਰਾਜੇਸ਼ ਬਾਂਸਲ ਨੇ ਕਿਹਾ ਕਿ ਹਰਿਆਣੇ ਦੇ ਖਿਡਾਰੀਆਂ ਨੇ ਆਪਣੇ ਬਲਦੂਤੇ ’ਤੇ ਸੂਬੇ ਦਾ ਨਾਂ ਕੌਮਾਂਤਰੀ ਪੱਧਰ ’ਤੇ ਵੀ ਰੋਸ਼ਨ ਕੀਤਾ ਹੈ। ਇਸ ਮੌਕੇ ਹੋਈ 800 ਮੀਟਰ ਦੀ ਦੌੜ ਦੇ ਪੁਰਸ਼ ਮੁਕਾਬਲੇ ਵਿੱਚ ਵਿਕਰਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦ ਕਿ ਜਸਵੀਰ ਨੇ ਦੂਜਾ ਅਤੇ ਸਚਿਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਮਹਿਲਾ ਵਰਗ ਦੀ 800 ਮੀਟਰ ਦੀ ਦੌੜ ਦੇ ਮੁਕਾਬਲੇ ਵਿੱਚ ਜੋਤੀ ਨੇ ਪਹਿਲਾ, ਜਗਦੀਪ ਨੇ ਦੂਜਾ ਅਤੇ ਕਵਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ’ਤੇ ਪ੍ਰੋ. ਮੋਨਿਕਾ ਵਰਮਾ, ਡਾ. ਇਸ਼ਵਰ ਮਲਿਕ, ਡਾ. ਅਸ਼ੋਕ ਮਲਿਕ ਸਮੇਤ ਯੂਨੀਵਰਸਿਟੀ ਦਾ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਮੌਜੂਦ ਸੀ।